ਟਿਊਸ਼ਨ ਟੀਚਰ ਨੇ ਬੱਚੀ ਦੇ ਕੰਨ ਕੋਲ ਜੜ੍ਹਿਆ ਥੱਪੜ, ਲੜ ਰਹੀ ਜ਼ਿੰਦਗੀ ਤੇ ਮੌਤ ਦੀ ਜੰਗ
Thursday, Oct 24, 2024 - 11:54 AM (IST)
ਮੁੰਬਈ- ਮੁੰਬਈ 'ਚ 9 ਸਾਲ ਦੀ ਬੱਚੀ ਨਾਲ ਵਾਪਰੀ ਮੰਦਭਾਗੀ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਵਿਦਿਆਰਥਣ ਨੂੰ ਕਲਾਸ ਵਿਚ ਮੌਜ-ਮਸਤੀ ਕਰਨ ਦੀ ਗੰਭੀਰ ਸਜ਼ਾ ਮਿਲੀ, ਜਿਸ ਦੀ ਕੀਮਤ ਹੁਣ ਉਹ ਹਸਪਤਾਲ ਵਿਚ ਵੈਂਟੀਲੇਟਰ 'ਤੇ ਜ਼ਿੰਦਗੀ ਅਤੇ ਮੌਤ ਵਿਚਾਲੇ ਲੜ ਕੇ ਚੁਕਾ ਰਹੀ ਹੈ। ਦੋਸ਼ ਹੈ ਕਿ ਵਿਦਿਆਰਥਣ ਦੇ ਟਿਊਸ਼ਨ ਟੀਚਰ ਨੇ ਉਸ ਨੂੰ ਅਨੁਸ਼ਾਸਨ 'ਚ ਰੱਖਣ ਲਈ ਉਸ ਦੇ ਕੰਨ ਦੇ ਕੋਲ ਦੋ ਵਾਰ ਜ਼ੋਰਦਾਰ ਥੱਪੜ ਮਾਰਿਆ, ਜਿਸ ਤੋਂ ਬਾਅਦ ਉਸ ਦੇ ਕੰਨਾਂ ਦੀ ਵਾਲੀ ਅੰਦਰ ਧੱਸ ਗਈ। ਇਸ ਸੱਟ ਕਾਰਨ ਬੱਚੀ ਦੇ ਸਰੀਰ ਵਿਚ ਟੈਟਨਸ ਫੈਲ ਗਿਆ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ।
ਇਹ ਘਟਨਾ 5 ਅਕਤੂਬਰ ਨੂੰ ਮੁੰਬਈ ਦੇ ਉਪਨਗਰ ਨਾਲਾ ਸੋਪਾਰਾ 'ਚ ਵਾਪਰੀ ਸੀ। ਸ਼ੁਰੂਆਤ 'ਚ ਬੱਚੀ ਦੇ ਜਬਾੜੇ 'ਚ ਸੋਜ ਅਤੇ ਗੰਭੀਰ ਅਕੜਾਅ ਸੀ ਪਰ ਇਲਾਜ 'ਚ ਦੇਰੀ ਹੋਣ ਕਾਰਨ ਹਾਲਤ ਵਿਗੜ ਗਈ ਅਤੇ ਉਸ ਨੂੰ ਕੇ.ਜੇ. ਸੋਮਈਆ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਅਧਿਆਪਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਨੇ ਉਸ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਹੈ। ਬੱਚੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਲਾਜ ਲਈ ਉਨ੍ਹਾਂ ਨੇ ਕਈ ਹਸਪਤਾਲਾਂ ਅਤੇ ਕਲੀਨਿਕਾਂ ਦੇ ਚੱਕਰ ਕੱਢੇ ਪਰ ਕਿਸੇ ਨੇ ਵੀ ਉਨ੍ਹਾਂ ਦੀ ਬੱਚੀ ਨੂੰ ਦਾਖ਼ਲ ਨਹੀਂ ਕੀਤਾ। ਉਨ੍ਹਾਂ ਦੀ ਬੱਚੀ ਦੀ ਹਾਲਤ ਵਿਗੜ ਗਈ ਸੀ ਕਿ ਦੀਪਿਕਾ ਬੋਲਣ 'ਤੇ ਆਪਣੀ ਜੀਭ ਕੱਟ ਲੈਂਦੀ ਸੀ ਅਤੇ ਉਸ ਵਿਚੋਂ ਖੂਨ ਨਿਕਲ ਜਾਂਦਾ ਸੀ।
ਹਸਪਤਾਲ ਦੇ ਬਾਲ ਰੋਗ ਵਿਗਿਆਨੀ ਡਾਕਟਰ ਇਰਫਾਨ ਅਲੀ ਨੇ ਦੱਸਿਆ ਕਿ ਬੱਚੀ ਦੀ ਹਾਲਤ ਨਾਜ਼ੁਕ ਸੀ ਅਤੇ ਉਸ ਨੂੰ ਅਧਰੰਗ ਦੀ ਹਾਲਤ ਵਿਚ ਲਿਆਂਦਾ ਗਿਆ ਸੀ। ਟੈਟਨਸ ਦੀ ਲਾਗ ਉਸ ਦੇ ਸਰੀਰ ਵਿਚ ਫੈਲ ਗਈ ਹੈ ਅਤੇ ਉਸ ਦੀ ਹਾਲਤ 'ਚ ਸੁਧਾਰ ਹੋਣ ਵਿਚ ਲਗਭਗ 10 ਦਿਨ ਹੋਰ ਲੱਗ ਸਕਦੇ ਹਨ। ਤੁਲਿੰਜ ਥਾਣੇ ਦੇ ਇੰਸਪੈਕਟਰ ਸ਼ੈਲੇਂਦਰ ਨਾਗਰਕਰ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਅਧਿਆਪਕ ਖਿਲਾਫ ਸ਼ਿਕਾਇਤ ਕੀਤੀ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਟੈਟਨਸ ਬੈਕਟੀਰੀਆ ਆਮ ਤੌਰ 'ਤੇ ਕਿਸੇ ਡੂੰਘੇ ਜਾਂ ਗੰਦੇ ਜ਼ਖ਼ਮ ਰਾਹੀਂ ਸਰੀਰ 'ਚ ਦਾਖਲ ਹੁੰਦੇ ਹਨ ਅਤੇ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਇਹ ਘਾਤਕ ਸਿੱਧ ਹੋ ਸਕਦਾ ਹੈ। ਦੀਪਿਕਾ ਦੇ ਮਾਮਲੇ ਵਿਚ, ਸੱਟ ਦੀ ਗੰਭੀਰਤਾ ਨੂੰ ਸਮਝਣ ਵਿਚ ਦੇਰੀ ਅਤੇ ICU ਬੈੱਡ ਦੀ ਭਾਲ 'ਚ ਉਸ ਦੀ ਸਿਹਤ 'ਤੇ ਗੰਭੀਰ ਪ੍ਰਭਾਵ ਪਿਆ।