ਤ੍ਰਿਲੋਚਨ ਸਿੰਘ ਦਾ ਜੰਮੂ ’ਚ ਕੀਤਾ ਗਿਆ ਅੰਤਿਮ ਸੰਸਕਾਰ, ਕਈ ਸੰਗਠਨਾਂ ਨੇ ਕਤਲ ਦੀ CBI ਜਾਂਚ ਦੀ ਮੰਗ ਕੀਤੀ
Saturday, Sep 11, 2021 - 05:55 PM (IST)
ਜੰਮੂ- ਨੈਸ਼ਨਲ ਕਾਨਫਰੰਸ ਦੇ ਮੁੱਖ ਨੇਤਾ ਤ੍ਰਿਲੋਚਨ ਸਿੰਘ ਵਜ਼ੀਰ ਦੇ ਸ਼ਨੀਵਾਰ ਨੂੰ ਇੱਥੇ ਹੋਏ ਅੰਤਿਮ ਸੰਸਕਾਰ ’ਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਸਮੇਤ ਹਜ਼ਾਰਾਂ ਲੋਕ ਸ਼ਾਮਲ ਹੋਏ। ਉੱਥੇ ਹੀ ਵੱਖ-ਵੱਖ ਸੰਗਠਨਾਂ ਨੇ ਵਜ਼ੀਰ ਦੀ ਦਿੱਲੀ ’ਚ ਹੋਈ ਹੱਤਿਆ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਵਜ਼ੀਰ (67) ਜੰਮੂ ਕਸ਼ਮੀਰ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਸਨ ਅਤੇ ਵੀਰਵਾਰ ਸਵੇਰੇ ਉਹ ਦਿੱਲੀ ਦੇ ਮੋਤੀ ਨਗਰ ਸਥਿਤ ਆਪਣੇ ਫਲੈਟ ’ਚ ਮ੍ਰਿਤ ਹਾਲਤ ’ਚ ਮਿਲੇ ਸਨ। ਪੁਲਸ ਵਜ਼ੀਰ ਦੇ ਕਤਲ ਮਾਮਲੇ ’ਚ ਉਨ੍ਹਾਂ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵਜ਼ੀਰ ਇਕ ਨਾਮੀ ਟਰਾਂਸਪੋਰਟਰ ਸਨ ਅਤੇ ਆਲ ਜੰਮੂ ਕਸ਼ਮੀਰ ਟਰਾਂਸਪੋਰਟ ਵੈਲਫੇਅਰ ਐਸੋਸੀਏਟ ਅਤੇ ਜੰਮੂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਜੀ.ਪੀ.ਸੀ.) ਦੇ ਪ੍ਰਧਾਨ ਸਨ। ਉਨ੍ਹਾਂ ਦੇ ਅੰਤਿਮ ਸੰਸਕਾਰ ’ਚ ਪਾਰਟੀ ਉੱਪ ਪ੍ਰਧਾਨ ਉਮਰ ਅਬਦੁੱਲਾ ਅਤੇ ਪਾਰਟੀ ਦੇ ਸੂਬਾਈ ਪ੍ਰਧਾਨ ਦੇਵੇਂਦਰ ਸਿੰਘ ਰਾਣਾ ਸਮੇਤ ਨੈਸ਼ਨਲ ਕਾਨਫਰੰਸ ਦੇ ਕਈ ਸੀਨੀਅਰ ਸ਼ਾਮਲ ਹੋਏ। ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਉੱਪ ਮੁੱਖ ਮੰਤਰੀ ਕਵਿੰਦਰ ਗੁਪਤਾ, ਜੰਮੂ ਕਸ਼ਮੀਰ ਇਕਾਈ ਦੇ ਕਾਂਗਰਸ ਉੱਪ ਪ੍ਰਧਾਨ ਅਤੇ ਸਾਬਕਾ ਮੰਤਰੀ ਰਮਨ ਭੱਲਾ ਵੀ ਅੰਤਿਮ ਸੰਸਕਾਰ ’ਚ ਸ਼ਾਮਲ ਹੋਏ। ਵਜ਼ੀਰ ਦਾ ਅੰਤਿਮ ਸੰਸਕਾਰ ਸ਼ਾਸਤਰੀ ਨਗਰ ਸ਼ਮਸ਼ਾਨ ਭੂਮੀ ’ਚ ਕੀਤਾ ਗਿਆ। ਉੱਥੇ ਹੀ ਕਈ ਟਰਾਂਸਪੋਰਟਰਾਂ ਅਤੇ ਜੰਮੂ ਡੀ.ਜੀ.ਪੀ.ਸੀ. ਸਮੇਤ ਕਈ ਸਿੱਖ ਜਥੇਬੰਦੀਆਂ ਨੇ ਵਜ਼ੀਰ ਦੇ ਕਤਲ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਹੈ।