ਕਟੜਾ ਤੋਂ ਬਡਗਾਮ ਤੱਕ 18 ਡੱਬਿਆਂ ਵਾਲੀ ਰੇਲਗੱਡੀ ਦਾ ਟ੍ਰਾਇਲ ਰਨ ‘ਓ.ਕੇ.’
Monday, Jan 20, 2025 - 06:39 AM (IST)
ਜੰਮੂ (ਮਗੋਤਰਾ) - ਊਧਮਪੁਰ-ਸ਼੍ਰੀਨਗਰ-ਬਾਰਾਮੁੱਲਾ ਰੇਲ ਲਿੰਕ ਪ੍ਰਾਜੈਕਟ ਦੇ ਕਟੜਾ-ਬਡਗਾਮ ਟਰੈਕ ’ਤੇ 18 ਡੱਬਿਆਂ ਵਾਲੀ ਰੇਲਗੱਡੀ ਦਾ ਟ੍ਰਾਇਲ ਰਨ ਐਤਵਾਰ ਸਫਲਤਾਪੂਰਵਕ ਕੀਤਾ ਗਿਆ। ਰੇਲ ਵਿਭਾਗ ਊਧਮਪੁਰ-ਸ਼੍ਰੀਨਗਰ-ਬਾਰਾਮੁੱਲਾ ਰੇਲ ਲਿੰਕ ਪ੍ਰਾਜੈਕਟ ਦੀ ਵੱਧ ਤੋਂ ਵੱਧ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਅਣਥੱਕ ਮਿਹਨਤ ਕਰ ਰਿਹਾ ਹੈ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ 18 ਡੱਬਿਆਂ ਵਾਲੀ ਰੇਲਗੱਡੀ ਦਾ ਇਕ ਰੈਕ ਸਵੇਰੇ 8 ਵਜੇ ਕਟੜਾ ਤੋਂ ਰਵਾਨਾ ਹੋਇਆ। ਰੇਲਗੱਡੀ ਬਡਗਾਮ ਤੱਕ ਗਈ। ਰੇਲਵੇ ਦੇ ਉੱਚ ਅਧਿਕਾਰੀਆਂ ਨੇ ਟ੍ਰਾਇਲ ਰਨ ਦੀ ਨਿਗਰਾਨੀ ਕੀਤੀ। ਟ੍ਰੇਨ ਸੰਚਾਲਨ ਦਾ ਚੱਲ ਰਿਹਾ ਹੈ ਆਖਰੀ ਪੜਾਅ -ਯੂ. ਐੱਸ. ਬੀ. ਆਰ. ਐੱਲ. ਪ੍ਰਾਜੈਕਟ ਪੂਰਾ ਹੋ ਗਿਆ ਹੈ। ਹੁਣ ਰੇਲਗੱਡੀਆਂ ਦੇ ਸੰਚਾਲਨ ਦਾ ਅੰਤਿਮ ਪੜਾਅ ਚੱਲ ਰਿਹਾ ਹੈ।
ਧਿਆਨ ਦੇਣ ਯੋਗ ਹੈ ਕਿ ਇਸ ਮਹੀਨੇ ਕਮਿਸ਼ਨਰ ਰੇਲਵੇ ਸੇਫਟੀ ਨੇ ਕਟੜਾ ਤੋਂ ਸ਼੍ਰੀਨਗਰ ਤੱਕ ਰੇਲਵੇ ਟਰੈਕ ਦਾ ਨਿਰੀਖਣ ਕੀਤਾ ਸੀ। ਉਨ੍ਹਾਂ 85 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਰੇਲਗੱਡੀ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਐਤਵਾਰ ਦਾ ਟ੍ਰਾਇਲ ਰਨ ਉਸੇ ਰਫ਼ਤਾਰ ਨਾਲ ਕੀਤਾ ਗਿਆ।
ਰੇਲ ਲਿੰਕ ਪ੍ਰਾਜੈਕਟ ਦਾ ਟਰੈਕ 326 ਕਿਲੋਮੀਟਰ ਲੰਬਾ ਹੈ। ਇਸ ’ਚੋਂ 111 ਕਿਲੋਮੀਟਰ ਸੁਰੰਗਾਂ ’ਚ ਹੈ, ਜਿਸ ’ਚੋਂ ਟੀ-49 ਸੁਰੰਗ 12.77 ਕਿਲੋਮੀਟਰ ਲੰਬੀ ਹੈ ਜੋ ਦੇਸ਼ ਦੀ ਸਭ ਤੋਂ ਲੰਬੀ ਰੇਲਵੇ ਸੁਰੰਗ ਹੈ। ਯੂ. ਐੱਸ. ਬੀ. ਆਰ. ਐੱਲ. ਦਾ ਇਹ ਅਹਿਮ ਪ੍ਰਾਜੈਕਟ 41,000 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋਇਆ ਹੈ।