ਟ੍ਰੇਡ ਯੂਨੀਅਨਾਂ ਦੀ ਦੇਸ਼ ਪੱਧਰੀ ਹੜਤਾਲ ਅੱਜ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕ ਸੇਵਾਵਾਂ
Wednesday, Jan 08, 2020 - 12:57 AM (IST)

ਨਵੀਂ ਦਿੱਲੀ – ਖੱਬੇਪੱਖੀ ਹਮਾਇਤੀ 10 ਕੇਂਦਰੀ ਮਜ਼ਦੂਰ ਯੂਨੀਅਨਾਂ ਨੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ 8 ਜਨਵਰੀ ਨੂੰ ਦੇਸ਼ ਪੱਧਰੀ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਬੁੱਧਵਾਰ ਨੂੰ ਦੇਸ਼ ਵਿਚ ਬੈਂਕ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਹੜਤਾਲ ਵਿਚ 25 ਕਰੋੜ ਦੇ ਲਗਭਗ ਲੋਕਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਬੈਂਕਾਂ ਨੇ ਹੜਤਾਲ ਅਤੇ ਇਸ ਕਾਰਣ ਆਪਣੀਆਂ ਸੇਵਾਵਾਂ ’ਤੇ ਪੈਣ ਵਾਲੇ ਅਸਰ ਸਬੰਧੀ ਸ਼ੇਅਰ ਬਾਜ਼ਾਰਾਂ ਨੂੰ ਮੰਗਲਵਾਰ ਹੀ ਸੂਚਿਤ ਕਰ ਦਿੱਤਾ ਸੀ। ਬੈਂਕ ਮੁਲਾਜ਼ਮਾਂ ਦੀਆਂ ਵਧੇਰੇ ਯੂਨੀਅਨਾਂ ਨੇ ਵੀ ਹੜਤਾਲ ਵਿਚ ਹਿੱਸਾ ਲੈਣ ਅਤੇ ਆਪਣੀ ਹਮਾਇਤ ਦੇਣ ਦੀ ਇੱਛਾ ਪ੍ਰਗਟਾਈ ਹੈ।
ਵੱਖ-ਵੱਖ ਖੇਤਰਾਂ ਦੀਆਂ ਆਜ਼ਾਦ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਨੇ ਪਿਛਲੇ ਸਾਲ ਸਤੰਬਰ ਵਿਚ ਹੀ ਐਲਾਨ ਕੀਤਾ ਸੀ ਕਿ 8 ਜਨਵਰੀ 2020 ਨੂੰ ਦੇਸ਼ ਪੱਧਰੀ ਹੜਤਾਲ ਕੀਤੀ ਜਾਏਗੀ। ਯੂਨੀਅਨਾਂ ਨੇ ਆਪਣੀਆਂ 12 ਸੂਤਰੀ ਮੰਗਾਂ ਮਨਵਾਉਣ ਲਈ ਹੜਤਾਲ ਦਾ ਸੱਦਾ ਿਦੱਤਾ ਹੈ। ਇਸ ਵਿਚ ਘੱਟੋ-ਘੱਟ ਤਨਖਾਹ ਅਤੇ ਸਮਾਜਿਕ ਸੁਰੱਖਿਆ ਵਰਗੇ ਮੁੱਦੇ ਸ਼ਾਮਲ ਹਨ। ਕਿਰਤ ਮੰਤਰਾਲਾ ਨੇ ਮੁਲਾਜ਼ਮਾਂ ਦੀ ਕਿਸੇ ਵੀ ਮੰਗ ਨੂੰ ਲੈ ਕੇ ਮੰਗਲਵਾਰ ਰਾਤ ਤੱਕ ਕੋਈ ਭਰੋਸਾ ਨਹੀਂ ਦਿੱਤਾ ਸੀ।
ਕੇਂਦਰ ਦੀ ਚਿਤਾਵਨੀ, ਨਤੀਜੇ ਭੁਗਤਣ ਲਈ ਤਿਆਰ ਰਹਿਣ ਮੁਲਾਜ਼ਮ
ਕੇਂਦਰ ਸਰਕਾਰ ਨੇ ਮੁਲਾਜ਼ਮਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ 8 ਜਨਵਰੀ ਦੀ ਹੜਤਾਲ ਵਿਚ ਜੇ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ। ਕਿਰਤ ਮੰਤਰਾਲਾ ਨੇ ਕਿਹਾ ਕਿ ਐਸੋਸੀਏਸ਼ਨ ਜਾਂ ਯੂਨੀਅਨ ਬਣਾਉਣ ਦਾ ਅਧਿਕਾਰ ਮੁਲਾਜ਼ਮਾਂ ਨੂੰ ਹੜਤਾਲ ਕਰਨ ਦਾ ਹੱਕ ਨਹੀਂ ਦਿੰਦਾ। ਉਕਤ ਹੁਕਮ ਕੇਂਦਰੀ ਸਨਅਤੀ ਸੁਰੱਖਿਆ ਫੋਰਸ ਨੂੰ ਵੀ ਭੇਜਿਆ ਗਿਆ ਹੈ। ਉਸ ਨੂੰ ਸਖ਼ਤ ਨਿਗਰਾਨੀ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।