ਮੀਂਹ ਨੇ ਹਿਲਾਇਆ ਰਸੋਈ ਦਾ ਬਜਟ, ਇਕੋ ਦਮ ਵਧੇ ਸਬਜ਼ੀਆਂ ਦੇ ਰੇਟ, ਟਮਾਟਰ ਦਾ ਭਾਅ 100 ਰੁਪਏ ਤੋਂ ਪਾਰ

Saturday, Jul 20, 2024 - 11:38 PM (IST)

ਮੀਂਹ ਨੇ ਹਿਲਾਇਆ ਰਸੋਈ ਦਾ ਬਜਟ, ਇਕੋ ਦਮ ਵਧੇ ਸਬਜ਼ੀਆਂ ਦੇ ਰੇਟ, ਟਮਾਟਰ ਦਾ ਭਾਅ 100 ਰੁਪਏ ਤੋਂ ਪਾਰ

ਨਵੀਂ ਦਿੱਲੀ, (ਭਾਸ਼ਾ)- ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਮੀਂਹ ਕਾਰਨ ਖਾਣ-ਪੀਣ ਵਾਲੇ ਪਦਾਰਥਾਂ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ ’ਚ ਟਮਾਟਰ ਦਾ ਭਾਅ 100 ਰੁਪਏ ਪ੍ਰਤੀ ਕਿੱਲੋਗ੍ਰਾਮ ਤੱਕ ਪਹੁੰਚ ਗਿਆ। ਦਿੱਲੀ ’ਚ ਮਦਰ ਡੇਅਰੀ ਦੇ ਪ੍ਰਚੂਨ ਵਿਕਰੀ ਕੇਂਦਰ ‘ਸਫਲ’ ’ਤੇ ਟਮਾਟਰ 100 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਭਾਅ ’ਤੇ ਮੁਹੱਈਆ ਹਨ।

ਖਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਦਿੱਲੀ ’ਚ ਟਮਾਟਰ ਦੀ ਪ੍ਰਚੂਨ ਕੀਮਤ 93 ਰੁਪਏ ਪ੍ਰਤੀ ਕਿੱਲੋਗ੍ਰਾਮ ਸੀ। ਸਰਕਾਰੀ ਅੰਕੜਿਆਂ ਅਨੁਸਾਰ 20 ਜੁਲਾਈ ਨੂੰ ਟਮਾਟਰ ਦਾ ਕੁੱਲ ਭਾਰਤੀ ਔਸਤ ਮੁੱਲ 73.76 ਰੁਪਏ ਪ੍ਰਤੀ ਕਿੱਲੋਗ੍ਰਾਮ ਸੀ। ਵਿਭਾਗ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਬਹੁਤ ਜ਼ਿਆਦਾ ਗਰਮੀ ਅਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਮੀਂਹ ਨਾਲ ਸਪਲਾਈ ਪ੍ਰਭਾਵਿਤ ਹੋਣ ਨਾਲ ਪਿਛਲੇ ਹਫ਼ਤੇ ਕੀਮਤਾਂ ’ਚ ਤੇਜ਼ ਵਾਧਾ ਹੋਇਆ।

ਅਧਿਕਾਰੀ ਨੇ ਦੱਸਿਆ, ‘‘ਦਿੱਲੀ ਅਤੇ ਕੁਝ ਹੋਰ ਸ਼ਹਿਰਾਂ ’ਚ ਟਮਾਟਰ, ਆਲੂ ਅਤੇ ਪਿਆਜ਼ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ। ਬਹੁਤ ਜ਼ਿਆਦਾ ਗਰਮੀ ਅਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਮੀਂਹ ਕਾਰਨ ਸਪਲਾਈ ਪ੍ਰਭਾਵਿਤ ਹੋਈ, ਜਿਸ ਨਾਲ ਪ੍ਰਚੂਨ ਕੀਮਤਾਂ ’ਚ ਉਛਾਲ ਆਇਆ।

 

ਪਿਆਜ਼-ਆਲੂ ਵੀ ਹੋਏ ਮਹਿੰਗੇ

ਪੱਛਮੀ ਦਿੱਲੀ ’ਚ ਮਦਰ ਡੇਅਰੀ ਸਟੋਰ ’ਤੇ ਸ਼ਨੀਵਾਰ ਨੂੰ ਪਿਆਜ਼ 46.90 ਰੁਪਏ ਪ੍ਰਤੀ ਕਿੱਲੋਗ੍ਰਾਮ ਅਤੇ ਆਲੂ 41.90 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਭਾਅ ’ਤੇ ਵੇਚਿਆ ਜਾ ਰਿਹਾ ਸੀ।

ਸਰਕਾਰੀ ਅੰਕੜਿਆਂ ਅਨੁਸਾਰ ਦਿੱਲੀ ’ਚ ਪਿਆਜ਼ 50 ਰੁਪਏ ਪ੍ਰਤੀ ਕਿੱਲੋਗ੍ਰਾਮ ਅਤੇ ਆਲੂ 40 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਦਰ ਨਾਲ ਮਿਲ ਰਿਹਾ ਹੈ। ਪਿਆਜ਼ ਦਾ ਕੁੱਲ ਭਾਰਤੀ ਔਸਤ ਮੁੱਲ 44.16 ਰੁਪਏ ਪ੍ਰਤੀ ਕਿੱਲੋਗ੍ਰਾਮ ਅਤੇ ਆਲੂ ਦਾ ਔਸਤ ਮੁੱਲ 37.22 ਰੁਪਏ ਪ੍ਰਤੀ ਕਿੱਲੋਗ੍ਰਾਮ ਹੈ।

ਹਰੀਆਂ ਸਬਜ਼ੀਆਂ ਦੇ ਮੁੱਲ ਵੀ ਵਧੇ

ਇਸ ਦੇ ਨਾਲ ਹੀ ਹਰੀਆਂ ਸਬਜ਼ੀਆਂ ਦੇ ਮੁੱਲ ਵੀ ਵਧੇ ਹੋਏ ਹਨ। ਮਦਰ ਡੇਅਰੀ ’ਚ ਸ਼ਨੀਵਾਰ ਨੂੰ ਤੋਰੀ 59 ਰੁਪਏ ਪ੍ਰਤੀ ਕਿੱਲੋ, ਕਰੇਲਾ 49 ਰੁਪਏ, ਫਰੈਂਚ ਬੀਨਸ 89 ਰੁਪਏ, ਭਿੰਡੀ 49 ਰੁਪਏ, ਟਿੰਡਾ 119 ਰੁਪਏ ਪ੍ਰਤੀ ਕਿੱਲੋ, ਹਰੀ ਸ਼ਿਮਲਾ ਮਿਰਚ 119 ਰੁਪਏ, ਬੈਂਗਨ (ਛੋਟਾ) 49 ਰੁਪਏ, ਬੈਂਗਨ (ਵੱਡਾ) 59 ਰੁਪਏ, ਪਰਵਲ 49 ਰੁਪਏ, ਲੌਕੀ 39 ਰੁਪਏ ਅਤੇ ਅਰਬੀ 69 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਮਿਲ ਰਹੀ ਸੀ।


author

Rakesh

Content Editor

Related News