ਇੱਥੇ ਗਲਤ ਦਿਸ਼ਾ ਤੋਂ ਆਏ ਤਾਂ ਗੱਡੀ ਹੋਵੇਗੀ ਪੰਚਰ

Saturday, Mar 31, 2018 - 05:01 PM (IST)

ਪੁਣੇ— ਮਹਾਰਾਸ਼ਟਰ ਦੇ ਪੁਣੇ ਜ਼ਿਲੇ 'ਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਲਈ ਪੁਲਸ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਇਕ ਅਨੋਖਾ ਇੰਤਜ਼ਾਮ ਕੀਤਾ ਗਿਆ ਹੈ। ਪੁਣੇ 'ਚ ਗਲਤ ਦਿਸ਼ਾ 'ਚ ਵਾਹਨ ਚਲਾਉਣ ਵਾਲੇ ਲੋਕਾਂ ਲਈ ਇਕ ਸੜਕ 'ਤੇ 'ਟਾਇਰ ਕੀਲਰਜ਼' ਲਗਾਏ ਗਏ ਹਨ। ਸੜਕ 'ਤੇ ਲਗਾਏ ਗਏ ਟਾਇਰ ਕੀਲਰਜ਼ ਦੀ ਖਾਸੀਅਤ ਇਹ ਹੈ ਕਿ ਇਹ ਸਹੀ ਦਿਸ਼ਾ ਤੋਂ ਆਉਣ ਵਾਲੇ ਵਾਹਨਾਂ ਲਈ ਇਕ ਸਪੀਡ ਬਰੇਕਰ ਦੇ ਰੂਪ 'ਚ ਕੰਮ ਕਰਨਗੇ, ਉੱਥੇ ਹੀ ਗਲਤ ਦਿਸ਼ਾ ਤੋਂ ਆਉਣ ਵਾਲੀਆਂ ਗੱਡੀਆਂ ਦੇ ਪਹੀਏ ਇਸ 'ਤੇ ਪੈਂਦੇ ਹੀ ਪੰਚਰ ਹੋ ਜਾਣਗੇ।
ਪੁਣੇ ਦੇ ਅਮਾਨੋਰਾ ਪਾਰਕ ਟਾਊਨ ਇਲਾਕੇ 'ਚ ਲਗਾਏ ਗਏ ਇਨ੍ਹਾਂ ਟਾਇਰ ਕੀਲਰਜ਼ ਨਾਲ ਟਰੈਫਿਕ ਵਿਵਸਥਾ 'ਚ ਤਬਦੀਲੀ ਦੀ ਗੱਲ ਕਹੀ ਜਾ ਰਹੀ ਹੈ। ਉੱਥੇ ਹੀ ਸੋਸ਼ਲ ਮੀਡੀਆ 'ਤੇ ਇਸ ਦੀ ਤਸਵੀਰ ਜਾਰੀ ਹੋਣ ਤੋਂ ਬਾਅਦ ਕੁਝ ਸਥਾਨਕ ਲੋਕਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਨ੍ਹਾਂ ਦਾ ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਹਾਦਸੇ ਦੀ ਸਥਿਤੀ 'ਚ ਇਨ੍ਹਾਂ ਟਾਇਰ ਕੀਲਰਜ਼ ਨਾਲ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ, ਅਜਿਹੇ 'ਚ ਟਰਾਂਸਪੋਰਟ ਵਿਭਾਗ ਨੂੰ ਇਸ ਦੇ ਸਥਾਨ 'ਤੇ ਕਿਸੇ ਹੋਰ ਬਦਲ 'ਤੇ ਵਿਚਾਰ ਕਰਨਾ ਚਾਹੀਦਾ।
ਹਰਿਆਣਾ 'ਚ ਵੀ ਟਰੈਫਿਕ ਨਿਯਮਾਂ ਨੂੰ ਲੈ ਕੇ ਸਖਤੀ
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਤੋਂ ਪਹਿਲਾਂ ਹਰਿਆਣਾ ਦੇ ਗੁੜਗਾਓਂ 'ਚ ਵੀ ਟਰੈਫਿਕ ਨਿਯਮਾਂ ਦੀ ਪਾਲਣਾ ਲਈ ਕਈ ਹਾਈਟੇਕ ਇੰਤਜ਼ਾਮ ਕੀਤੇ ਗਏ ਹਨ। ਹਰਿਆਣਾ 'ਚ ਓਵਰ ਸਪੀਡਿੰਗ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਲਈ ਸਰਕਾਰ ਵੱਲੋਂ ਸ਼ਹਿਰ ਦੇ 29 ਚੌਰਾਹਿਆਂ 'ਤੇ ਉੱਚ ਸਮਰੱਥਾ ਵਾਲੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ। ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਸੜਕ 'ਤੇ ਜ਼ਿਆਦਾ ਸਪੀਡ 'ਚ ਗੱਡੀ ਚਲਾਉਣ ਵਾਲੇ ਅਤੇ ਟਰੈਫਿਕ ਨਿਯਮਾਂ ਨੂੰ ਤੋੜਨ ਵਾਲੇ ਲੋਕਾਂ ਦੀ ਪਛਾਣ ਕਰ ਕੇ ਇਨ੍ਹਾਂ 'ਤੇ ਭਾਰੀ ਜ਼ੁਰਮਾਨਾ ਲਗਾਉਣ ਦੀ ਵਿਵਸਥਾ ਕੀਤੀ ਗਈ ਹੈ।


Related News