ਅੰਤਰਰਾਸ਼ਟਰੀ ਕਾਲ ਨੂੰ ਲੋਕਲ ਕਾਲ ’ਚ ਬਦਲਣ ਵਾਲਾ ਠੱਗ ਗ੍ਰਿਫਤਾਰ

Friday, Dec 05, 2025 - 01:45 AM (IST)

ਅੰਤਰਰਾਸ਼ਟਰੀ ਕਾਲ ਨੂੰ ਲੋਕਲ ਕਾਲ ’ਚ ਬਦਲਣ ਵਾਲਾ ਠੱਗ ਗ੍ਰਿਫਤਾਰ

ਦੇਵਰੀਆ - ਉੱਤਰ ਪ੍ਰਦੇਸ਼ ਦੇ ਦੇਵਰੀਆ ’ਚ ਪੁਲਸ ਨੇ ‘ਸਿਮ ਬਾਕਸ’ ਦੀ ਵਰਤੋਂ ਕਰ ਕੇ ਅੰਤਰਰਾਸ਼ਟਰੀ ਕਾਲਾਂ ਨੂੰ ਲੋਕਲ ਕਾਲਾਂ ’ਚ ਬਦਲ ਕੇ ਫਰਜ਼ੀ ਤਰੀਕੇ ਨਾਲ ਆਰਥਿਕ ਲਾਭ ਕਮਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ ਨੂੰ ਸਾਈਬਰ ਕ੍ਰਾਈਮ ਟੀਮ, ਐੱਸ. ਓ. ਜੀ., ਕੋਤਵਾਲੀ ਪੁਲਸ ਅਤੇ ਬੀ. ਐੱਸ. ਐੱਨ. ਐੱਲ. ਦਫ਼ਤਰ ਦੀ ਸਾਂਝੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸਦਰ ਕੋਤਵਾਲੀ ਖੇਤਰ ਦੇ ਰਾਮਗੁਲਾਮ ਟੋਲਾ ਤੋਂ ਤੇਜ ਨਰਾਇਣ ਸਿੰਘ ਨੂੰ ਗ੍ਰਿਫਤਾਰ ਕੀਤਾ।

ਪੁਲਸ ਪੁੱਛਗਿੱਛ ’ਚ ਮੁਲਜ਼ਮ ਨੇ ਦੱਸਿਆ ਕਿ ਉਹ 2015 ਤੋਂ 2022 ਤੱਕ ਮਾਰੀਸ਼ਸ ’ਚ ਰਹਿ ਕੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ। ਉਸ ਨੂੰ ਬੰਗਲਾਦੇਸ਼ੀ ਨਾਗਰਿਕਾਂ ਤੋਂ ‘ਸਿਮ ਬਾਕਸ’ ਤਕਨੀਕ ਸਿੱਖਣ ਤੋਂ ਬਾਅਦ, ਕੋਲਕਾਤਾ ਤੋਂ ‘ਸਿਮ ਬਾਕਸ’ ਅਤੇ ਸਿਮ ਲਿਆ ਕੇ ਇੰਟਰਨੈੱਟ ਨਾਲ ਜੋੜ ਕੇ ਅੰਤਰਰਾਸ਼ਟਰੀ ਕਾਲ ਨੂੰ ਸਾਧਾਰਨ ਕਾਲ ’ਚ ਬਦਲਣ ਦੀ ਜਾਣਕਾਰੀ ਦਿੱਤੀ ਗਈ ਸੀ। ਉਹ ਇਸ ਫਰਜ਼ੀ ਤਰੀਕੇ ਨਾਲ ਆਰਥਿਕ ਲਾਭ ਲੈਂਦਾ ਸੀ।

ਪੁਲਸ ਨੇ ਦੱਸਿਆ ਕਿ ਮੁਲਜ਼ਮ ਕੋਲੋਂ ‘ਸਿਮ ਬਾਕਸ’, ਵਾਈ-ਫਾਈ ਰੂਟਰ, ਮੋਬਾਈਲ, ਲੈਪਟਾਪ ਅਤੇ ਬੈਂਕ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਮੁਲਜ਼ਮ ਖਿਲਾਫ ਧਾਰਾ 66 ਡੀ. ਆਈ. ਟੀ. ਐਕਟ ਸਮੇਤ ਹੋਰ ਸਬੰਧਤ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
 


author

Inder Prajapati

Content Editor

Related News