ਮੁੱਖ ਮੰਤਰੀ ਨੂੰ ਧਮਕੀ ਦੇਣ ਦੇ ਮਾਮਲੇ ''ਚ ਤਿੰਨ ਪੁਲਸ ਅਧਿਕਾਰੀ ਮੁਅੱਤਲ, ਟਰੇਨਰ ਗ੍ਰਿਫ਼ਤਾਰ
Monday, Jul 29, 2024 - 06:22 PM (IST)
ਜੈਪੁਰ : ਰਾਜਸਥਾਨ ਦੇ ਦੌਸਾ ਦੀ ਜੇਲ੍ਹ 'ਚ ਬੰਦ ਇਕ ਕੈਦੀ ਵਲੋਂ ਜੈਪੁਰ ਪੁਲਸ ਕੰਟਰੋਲ ਰੂਮ ਨੂੰ ਫ਼ੋਨ ਕਰਕੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ ਪੁਲਸ ਪ੍ਰਸ਼ਾਸਨ ਨੇ ਜੇਲ੍ਹ ਦੇ ਕਾਰਜਕਾਰੀ ਸੁਪਰਡੈਂਟ, ਜੇਲ੍ਹਰ, ਮੁੱਖ ਗਾਰਡ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਕ ਇੰਸਟ੍ਰਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ (ਜੇਲ੍ਹਾਂ) ਮੋਨਿਕਾ ਅਗਰਵਾਲ ਨੇ ਦੱਸਿਆ ਕਿ ਇਸ ਸਬੰਧ ਵਿੱਚ ਦੋ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ, ਇੱਕ ਐੱਫਆਈਆਰ ਦੌਸਾ ਜੇਲ੍ਹ ਵਿੱਚ ਬੰਦ ਕੈਦੀ ਨੀਮਾ ਖ਼ਿਲਾਫ਼ ਦਰਜ ਕੀਤੀ ਗਈ ਹੈ ਅਤੇ ਦੂਜੀ ਐੱਫਆਈਆਰ ਜੇਲ੍ਹ ਵਿੱਚੋਂ ਮਿਲੇ 9 ਲਾਵਾਰਿਸ ਮੋਬਾਈਲਾਂ ਬਾਰੇ ਦਰਜ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਦੌਸਾ ਜੇਲ 'ਚ ਬੰਦ ਦਾਰਜੀਲਿੰਗ ਨਿਵਾਸੀ ਨੀਮਾ ਉਫ ਸਾਜਨ (30) ਨੇ ਸ਼ਨੀਵਾਰ ਰਾਤ ਨੂੰ ਮੋਬਾਇਲ ਫੋਨ ਤੋਂ ਜੈਪੁਰ ਪੁਲਸ ਕੰਟਰੋਲ ਰੂਮ 'ਤੇ ਫੋਨ ਕਰਕੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਅਗਰਵਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਜਕਾਰੀ ਜੇਲ੍ਹ ਸੁਪਰਡੈਂਟ ਕੈਲਾਸ਼ ਦਰੋਗਾ, ਜੇਲ੍ਹਰ ਬਿਹਾਰੀਲਾਲ ਅਤੇ ਮੁੱਖ ਗਾਰਡ ਅਵਧੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੈਦੀਆਂ ਨੂੰ ਰੁਜ਼ਗਾਰ ਦੀ ਸਿਖਲਾਈ ਦੇਣ ਵਾਲੇ ਰਾਜੇਂਦਰ ਮਹਾਵਰ (38) ਨੂੰ ਜੇਲ੍ਹ ਦੀ ਕੈਦੀ ਨੀਮਾ ਨੂੰ ਮੋਬਾਈਲ ਸਿਮ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।