ਫੈਕਟਰੀ ਦੀ ਮਸ਼ੀਨ ਨਾਲ ਫਸਣ ਨਾਲ ਬੱਚੇ ਸਮੇਤ 3 ਲੋਕਾਂ ਦੀ ਮੌਤ
Saturday, Aug 24, 2024 - 05:42 PM (IST)
ਕੱਛ (ਭਾਸ਼ਾ)- ਗੁਜਰਾਤ ਦੇ ਕੱਛ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਭੁਜ ਨੇੜੇ ਇਕ 'ਚੀਨੀ ਮਿੱਟੀ' ਬਣਾਉਣ ਵਾਲੀ ਫੈਕਟਰੀ ਵਿਚ ਇਕ ਹਾਦਸੇ ਦੌਰਾਨ 10 ਸਾਲਾ ਮੁੰਡੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਚੀਨੀ ਮਿੱਟੀ ਸਿਰੇਮਿਕ ਉਦਯੋਗ ਦਾ ਇਕ ਪ੍ਰਮੁੱਖ ਹਿੱਸਾ ਹੈ। ਪਦਧਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਭੁਜ ਤਾਲੁਕਾ ਦੇ ਧਨੇਤੀ ਪਿੰਡ ਨੇੜੇ ਸਥਿਤ 'ਸ਼੍ਰੀ ਹਰੀ ਮਿਨਰਲਜ਼' ਵਿਖੇ ਸਵੇਰੇ 11 ਵਜੇ ਦੇ ਕਰੀਬ ਵਾਪਰਿਆ। ਅਧਿਕਾਰੀ ਨੇ ਦੱਸਿਆ ਕਿ ਫੈਕਟਰੀ ਮਾਲਕ ਗੋਵਿੰਦ ਚਮਡੀਆ (45), ਉਸ ਦੇ ਬੇਟੇ ਅਕਸ਼ਰ (10) ਅਤੇ ਚਮਾਡੀਆ ਦੇ ਸਾਥੀ ਪ੍ਰਕਾਸ਼ ਵਾਗਾਨੀ (32) ਦੀ ਫੈਕਟਰੀ ਦੀ ਮਸ਼ੀਨ 'ਚ ਫਸ ਜਾਣ ਕਾਰਨ ਮੌਤ ਹੋ ਗਈ।
ਬੱਚਾ ਖੇਡਦੇ ਹੋਏ ਚੀਨੀ ਮਿੱਟੀ ਨੂੰ ਪੀਸਣ ਵਾਲੀ ਮਸ਼ੀਨ 'ਚ ਡਿੱਗ ਗਿਆ। ਇਸ ਤੋਂ ਬਾਅਦ ਉਸ ਦਾ ਪਿਤਾ ਉਸ ਨੂੰ ਬਚਾਉਣ ਲਈ ਦੌੜਿਆ ਪਰ ਉਹ ਵੀ ਮਸ਼ੀਨ ਵਿਚ ਫਸ ਗਿਆ। ਪੁਲਸ ਨੇ ਦੱਸਿਆ ਕਿ ਜਦੋਂ ਪ੍ਰਕਾਸ਼ ਨੇ ਪਿਓ-ਪੁੱਤ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਮਸ਼ੀਨ 'ਚ ਫਸ ਗਿਆ। ਅਧਿਕਾਰੀ ਨੇ ਦੱਸਿਆ ਕਿ ਜਦੋਂ ਤੱਕ ਫੈਕਟਰੀ ਕਰਮਚਾਰੀਆਂ ਨੇ ਤਿੰਨਾਂ ਨੂੰ ਬਾਹਰ ਕੱਢਿਆ, ਉਦੋਂ ਤੱਕ ਉਹ ਮਰ ਚੁੱਕੇ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8