ਬੰਗਾਲ ’ਚ ਭਾਜਪਾ ਦੇ 3 ਅਤੇ ਤ੍ਰਿਣਮੂਲ ਕਾਂਗਰਸ ਦੇ ਇਕ ਵਰਕਰ ਦੀ ਹੱਤਿਆ
Sunday, Jun 09, 2019 - 01:41 AM (IST)

ਸੰਦੇਸ਼ਖਾਲੀ (ਪੱਛਮੀ ਬੰਗਾਲ)— ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲੇ ਦੇ ਨਾਜਟ ਇਲਾਕੇ ’ਚ ਸ਼ਨੀਵਾਰ ਰਾਤ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਰਕਰਾਂ ਵਿਚਾਲੇ ਝੜਪ ’ਚ ਘੱਟੋ-ਘੱਟ 4 ਲੋਕ ਕਥਿਤ ਤੌਰ ’ਤੇ ਮਾਰੇ ਗਏ ਅਤੇ 3 ਜ਼ਖਮੀ ਹੋ ਗਏ। ਦੋਵੇਂ ਪਾਰਟੀਆਂ ਦੇ ਸੂਤਰਾਂ ਨੇ ਇਹ ਦਾਅਵਾ ਕੀਤਾ ਹੈ। ਹਾਲਾਂਕਿ ਪੁਲਸ ਨੇ ਇਨ੍ਹਾਂ ਮੌਤਾਂ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।
ਦੋਵੇਂ ਪਾਰਟੀਆਂ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਹ ਝੜਪ ਖੇਤਰ ’ਚ ਭਗਵਾ ਪਾਰਟੀ ਦਾ ਝੰਡਾ ਹਟਾਉਣ ਨੂੰ ਲੈ ਕੇ ਹੋਈ। ਭਾਜਪਾ ਦੀ ਸੂਬਾ ਇਕਾਈ ਦੇ ਜਨਰਲ ਸਕੱਤਰ ਸਿਆਨਤਨ ਬੋਸ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੇ 3 ਵਰਕਰਾਂ ਸੁਕਾਂਤ ਮੰਡਲ, ਪ੍ਰਦੀਪ ਮੰਡਲ ਅਤੇ ਸ਼ੰਕਰ ਮੰਡਲ ਨੇ ਜਦੋਂ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਨੂੰ ਪਾਰਟੀ ਦਾ ਝੰਡਾ ਸੁੱਟਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ। ਬੋਸ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ 2 ਹੋਰ ਲੋਕ ਮਾਰੇ ਗਏ ਹਨ ਪਰ ਸਾਨੂੰ ਉਨ੍ਹਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ।
ਭਾਜਪਾ ਦੇ ਸੀਨੀਅਰ ਨੇਤਾ ਮੁਕੁਲ ਰਾਏ ਨੇ ਕਿਹਾ ਕਿ ਪਾਰਟੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘਟਨਾ ਬਾਰੇ ਜਾਣਕਾਰੀ ਦੇਵੇਗੀ, ਕਿਉਂਕਿ ਬੰਗਾਲ ’ਚ ਭਾਜਪਾ ਵਰਕਰਾਂ ’ਤੇ ਹੋਈ ਹਿੰਸਾ ਲਈ ਤ੍ਰਿਣਮੂਲ ਕਾਂਗਰਸ ਹੀ ਜ਼ਿੰਮੇਵਾਰ ਹੈ। ਤ੍ਰਿਣਮੂਲ ਕਾਂਗਰਸ ਨੇ ਵੀ ਦਾਅਵਾ ਕੀਤਾ ਕਿ ਉਸ ਦਾ ਵੀ ਇਕ ਵਰਕਰ ਮਾਰਿਆ ਗਿਆ ਹੈ। ਪਾਰਟੀ ਦੇ 24 ਪਰਗਨਾ ਜ਼ਿਲੇ ਦੇ ਪ੍ਰਧਾਨ ਜੇ. ਮੁਲਿਕ ਨੇ ਦੱਸਿਆ ਕਿ ਪਾਰਟੀ ਦੇ ਸਮਰਥਕ ਕਿਊਮ ਮੁੱਲਾ ਦੀ ਭਾਜਪਾ ਵਰਕਰਾਂ ਨੇ ਹੱਤਿਆ ਕਰ ਦਿੱਤੀ ਹੈ।