ਫਿਰ ਮਿਲੀ 100 ਹੋਰ ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Wednesday, Oct 30, 2024 - 12:11 PM (IST)

ਫਿਰ ਮਿਲੀ 100 ਹੋਰ ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਨਵੀਂ ਦਿੱਲੀ- ਸਰਕਾਰ ਅਤੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਦੀ ਸਖ਼ਤੀ ਅਤੇ ਨਿਯਮਾਂ ਮਗਰੋਂ ਵੀ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਲਗਾਤਾਰ ਮਿਲ ਰਹੀਆਂ ਹਨ। ਇਸ ਦਰਮਿਆਨ ਇਕ ਵਾਰ ਫਿਰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮੰਗਲਵਾਰ ਨੂੰ ਵੀ ਵੱਖ-ਵੱਖ ਭਾਰਤੀ ਏਅਰਲਾਈਨਜ਼ ਵਲੋਂ ਸੰਚਾਲਿਤ 100 ਤੋਂ ਵੱਧ ਉਡਾਣਾਂ ਦੀ ਧਮਕੀ ਮਿਲੀ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ ਏਅਰ ਇੰਡੀਆ ਦੀਆਂ 36 ਅਤੇ ਇੰਡੀਗੋ ਦੀਆਂ 35 ਉਡਾਣਾਂ ਨੂੰ ਧਮਕੀਆਂ ਮਿਲੀਆਂ। ਵਿਸਤਾਰਾ ਦੀਆਂ 32 ਉਡਾਣਾਂ ਨੂੰ ਵੀ ਧਮਕੀ ਮਿਲੀ। ਵਧੇਰੇ ਧਮਕੀਆਂ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਗਈਆਂ।

ਦੱਸ ਦੇਈਏ ਕਿ ਬੀਤੇ 16 ਦਿਨਾਂ ਵਿਚ 510 ਤੋਂ ਜ਼ਿਆਦਾ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਨੂੰ ਧਮਕੀਆਂ ਮਿਲ ਚੁੱਕੀਆਂ ਹਨ। ਹਾਲਾਂਕਿ ਤਕਰੀਬਨ ਇਹ ਸਾਰੀ ਜਾਂਚ ਵਿਚ ਫਰਜ਼ੀ ਨਿਕਲੀਆਂ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਉਡਾਣਾਂ ਨੂੰ ਬੰਬ ਦੀ ਧਮਕੀ ਸੋਸ਼ਲ ਮੀਡੀਆ 'ਤੇ ਮਿਲੀ। ਧਮਕੀ ਮਿਲਣ 'ਤੇ ਤੈਅ ਪ੍ਰੋਟੋਕਾਲ ਤਹਿਤ ਸਬੰਧਤ ਅਧਿਕਾਰੀਆਂ ਅਤੇ ਵਿਭਾਗਾਂ ਨੂੰ ਅਲਰਟ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇੰਡੀਗੋ, ਏਅਰ ਇੰਡੀਆ ਅਤੇ ਵਿਸਤਾਰਾ ਨੂੰ ਸੋਮਵਾਰ ਨੂੰ ਧਮਕੀਆਂ ਮਿਲੀਆਂ ਸਨ। ਹਾਲਾਂਕਿ ਇਹ ਅਫ਼ਵਾਹ ਨਿਕਲੀ। ਏਅਰਲਾਈਨਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ ਵਿਚ ਮੁੰਬਈ ਪੁਲਸ ਨੇ ਅਕਤੂਬਰ ਵਿਚ 14 FIR ਦਰਜ ਕੀਤੀਆਂ ਹਨ।

ਲਗਾਤਾਰ ਮਿਲ ਰਹੀਆਂ ਫਰਜ਼ੀ ਧਮਕੀਆਂ ਦੇ ਚੱਲਦੇ ਕਈ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਹੈ। ਕਈਆਂ ਦੇ ਰੂਟ ਬਦਲਣੇ ਪਏ ਅਤੇ ਜਾਂਚ ਪੜਤਾਲ ਵਿਚ ਵੀ ਸਮਾਂ ਲੱਗਾ। ਇਸ ਨਾਲ ਉਡਾਉਣਾਂ ਪ੍ਰਭਾਵਿਤ ਹੋਈਆਂ ਅਤੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਨਾਲ ਹੀ ਏਅਰਲਾਈਨਜ਼ ਨੂੰ ਵੀ ਨੁਕਸਾਨ ਝੱਲਣਾ ਪਿਆ ਹੈ।


author

Tanu

Content Editor

Related News