ਖੜਕਨ ਲੱਗੇ ਫੋਨ! 90Km ਦੀ ਰਫਤਾਰ ਨਾਲ ਤੂਫਾਨ ਤੇ ਗੜ੍ਹੇਮਾਰੀ, ਦਿੱਲੀ 'ਚ ਅਗਲੇ 3 ਘੰਟੇ...
Saturday, May 30, 2026 - 06:39 PM (IST)
ਨਵੀਂ ਦਿੱਲੀ : ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਅਚਾਨਕ ਮੌਸਮ ਬਦਲਣ ਕਾਰਨ ਜਿੱਥੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਤੇਜ਼ ਹਵਾਵਾਂ ਅਤੇ ਤੂਫ਼ਾਨ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਮੌਸਮ ਵਿਭਾਗ (IMD) ਨੇ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਖੰਡ ਲਈ ਰੇਡ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ-ਐੱਨਸੀਆਰ ਸਣੇ ਉੱਤਰ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿਚ ਸ਼ਨੀਵਾਰ ਸ਼ਾਮ ਨੂੰ ਸਮਾਰਟਫੋਨਾਂ ਉੱਤੇ ਤੇਜ਼ ਆਵਾਜ਼ ਦੇ ਨਾਲ ਅਲਰਟ ਜਾਰੀ ਹੋ ਗਿਆ। ਇਸ ਦੌਰਾਨ ਬਦਲਦੇ ਮੌਸਮ ਸਬੰਧੀ ਚਿਤਾਵਨੀ ਜਾਰੀ ਹੋਈ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਜਿਵੇਂ ਕਿ ਨੋਇਡਾ, ਗਾਜ਼ੀਆਬਾਦ ਅਤੇ ਗੁਰੂਗ੍ਰਾਮ ਵਿੱਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਿਨਾਸ਼ਕਾਰੀ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਦਿੱਲੀ ਦੇ ਆਰ.ਕੇ. ਪੁਰਮ ਅਤੇ ਇੰਡੀਆ ਗੇਟ ਵਰਗੇ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਮੂਸਲਾਧਾਰ ਮੀਂਹ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਕੁਝ ਥਾਵਾਂ 'ਤੇ (ਗੜ੍ਹੇਮਾਰੀ) ਹੋਣ ਦੀ ਵੀ ਸੰਭਾਵਨਾ ਹੈ।
ਰਾਜਸਥਾਨ 'ਚ ਰੇਤੀਲੇ ਤੂਫ਼ਾਨ ਦੀ ਦਸਤਕ
ਪਾਕਿਸਤਾਨ ਵਾਲੇ ਪਾਸਿਓਂ ਆਏ ਇੱਕ ਭਿਆਨਕ ਰੇਤੀਲੇ ਤੂਫ਼ਾਨ ਨੇ ਰਾਜਸਥਾਨ ਦੇ ਸਰਹੱਦੀ ਜ਼ਿਲ੍ਹਿਆਂ ਜਿਵੇਂ ਸ੍ਰੀਗੰਗਾਨਗਰ, ਬੀਕਾਨੇਰ ਅਤੇ ਹਨੂੰਮਾਨਗੜ੍ਹ ਵਿੱਚ ਭਾਰੀ ਤਬਾਹੀ ਮਚਾਈ ਹੈ। ਸਵੇਰੇ 11 ਵਜੇ ਦੇ ਕਰੀਬ ਆਏ ਇਸ ਤੂਫ਼ਾਨ ਕਾਰਨ ਦਿਨ 'ਚ ਹੀ ਘੋਰ ਹਨੇਰਾ ਛਾ ਗਿਆ, ਜਿਸ ਕਰ ਕੇ ਵਾਹਨ ਚਾਲਕਾਂ ਨੂੰ ਹੈੱਡਲਾਈਟਾਂ ਜਗਾ ਕੇ ਚੱਲਣਾ ਪਿਆ। ਇਹ ਤੂਫ਼ਾਨ ਹੁਣ ਸੀਕਰ ਜ਼ਿਲ੍ਹੇ ਵੱਲ ਵਧ ਰਿਹਾ ਹੈ।

ਹਿਮਾਚਲ 'ਚ ਮੁੜ ਪਰਤੀ ਠੰਡ
ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਵੀ ਮੌਸਮ ਨੇ ਕਰਵਟ ਲਈ ਹੈ। ਰਾਜਧਾਨੀ ਸ਼ਿਮਲਾ ਵਿੱਚ ਹੋਈ ਬਾਰਸ਼ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ ਅਤੇ ਲੋਕ ਗਰਮ ਕੱਪੜੇ ਪਹਿਨਣ ਲਈ ਮਜਬੂਰ ਹੋ ਗਏ ਹਨ। ਮੌਸਮ ਵਿਭਾਗ ਨੇ ਆਉਣ ਵਾਲੇ ਤਿੰਨ ਦਿਨਾਂ ਤੱਕ ਸੂਬੇ ਵਿੱਚ ਮੌਸਮ ਖ਼ਰਾਬ ਰਹਿਣ ਦਾ ਅਨੁਮਾਨ ਲਗਾਇਆ ਹੈ।
ਪ੍ਰਸ਼ਾਸਨ ਵੱਲੋਂ ਸਾਵਧਾਨ ਰਹਿਣ ਦੀ ਅਪੀਲ
ਖ਼ਰਾਬ ਮੌਸਮ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦਰਖਤਾਂ, ਬਿਜਲੀ ਦੇ ਖੰਭਿਆਂ ਅਤੇ ਪੁਰਾਣੀਆਂ ਇਮਾਰਤਾਂ ਤੋਂ ਦੂਰ ਰਹਿਣ ਕਿਉਂਕਿ ਤੇਜ਼ ਹਵਾਵਾਂ ਕਾਰਨ ਇਨ੍ਹਾਂ ਦੇ ਡਿੱਗਣ ਦਾ ਖ਼ਤਰਾ ਹੈ। ਸੜਕਾਂ 'ਤੇ ਘੱਟ ਵਿਜ਼ੀਬਿਲਟੀ (ਦਿੱਖ) ਕਾਰਨ ਵਾਹਨ ਚਾਲਕਾਂ ਨੂੰ ਵੀ ਵਿਸ਼ੇਸ਼ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
