ਬਾਬਾ ਬਰਫਾਨੀ ਲਈ ਤੂਫਾਨੀ ਹੋਏ ਸ਼ਰਧਾਲੂ, ਗੁਫਾ ਲਈ ਹਜ਼ਾਰਾਂ ਰਵਾਨਾ

07/03/2022 1:51:38 PM

ਜੰਮੂ (ਉਦੇ/ਸਤੀਸ਼)- ਨਿਰਵਿਘਨ ਜਾਰੀ ਅਮਰਨਾਥ ਯਾਤਰਾ ਦੇ ਚੌਥੇ ਦਿਨ ਜੰਮੂ ’ਚ ਸ਼ਿਵ ਭਗਤਾਂ ਨੇ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਭਾਰੀ ਉਤਸ਼ਾਹ ਦਿਖਾਇਆ। ਇਸ ਸਾਲ ਬਰਫਾਨੀ ਬਾਬਾ ਤੋਂ ਵੱਧ ਸ਼ਰਧਾਲੂ ਤੂਫਾਨੀ ਨਜ਼ਰ ਆ ਰਹੇ ਹਨ। ਦੇਸ਼ ਦੇ ਕੋਨੇ-ਕੋਨੇ ’ਚੋਂ ਸ਼ਿਵ ਭਗਤਾਂ ਨੇ ਅਗਲੇ ਦਿਨ ਦੀ ਯਾਤਰਾ ਲਈ ਜੰਮੂ ਵਿਚ ਡੇਰੇ ਲਾਏ ਹੋਏ ਹਨ। ਮੌਜੂਦਾ ਰਜਿਸਟ੍ਰੇਸ਼ਨ ਤੋਂ ਬਾਅਦ ਅਗਲੇ ਦਿਨ ਯਾਤਰਾ ਨੂੰ ਸੁਚਾਰੂ ਬਣਾਉਣ ਲਈ ਪ੍ਰਸ਼ਾਸਨ ਦਾ ਹਰ ਵਿਅਕਤੀ ਆਪਣੀ ਡਿਊਟੀ ਬਾਖੂਬੀ ਨਿਭਾ ਰਿਹਾ ਹੈ। ਜੰਮੂ ਦੇ ਯਾਤਰੀ ਨਿਵਾਸ ਵਿਖੇ ਬਣਾਏ ਗਏ ਬੇਸ ਕੈਂਪ ਵਿਚ ਦੇਸ਼ ਭਰ ਤੋਂ ਸ਼ਰਧਾਲੂਆਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਸ਼ਨੀਵਾਰ ਨੂੰ 6,113 ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਪਹਿਲਗਾਮ ਤੇ ਬਾਲਟਾਲ ਰੂਟ ਰਾਹੀਂ ਗੁਫਾ ਵੱਲ ਰਵਾਨਾ ਹੋਏ। ਪਹਿਲਗਾਮ ਤੋਂ 3,275 ਮਰਦ, 762 ਔਰਤਾਂ, 18 ਬੱਚੇ, 110 ਸਾਧੂ ਅਤੇ 8 ਸਾਧਵੀਆਂ ਹਨ। ਇਸ ਦੌਰਾਨ ਸ਼ਰਧਾਲੂ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਅਧਿਕਾਰੀਆਂ ਮੁਤਾਬਕ ਵੀਰਵਾਰ ਨੂੰ ਤੀਰਥ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਹੁਣ ਤਕ 11 ਹਜ਼ਾਰ ਤੋਂ ਵੱਧ ਯਾਤਰੀਆਂ ਨੇ ਪਵਿੱਤਰ ਗੁਫਾ ਮੰਦਰ ਅੰਦਰ ਦਰਸ਼ਨ ਕੀਤੇ ਹਨ, ਜਦੋਂਕਿ 23,214 ਹੋਰ ਲੋਕ ਵਾਦੀ ਵੱਲ ਵਧ ਚੁੱਕੇ ਹਨ। ਇਸ ਸਾਲ ਇਸ ਗੁਫਾ ਮੰਦਰ ਦੀ ਤੀਰਥ ਯਾਤਰਾ 3 ਸਾਲ ਦੇ ਵਕਫੇ ਤੋਂ ਬਾਅਦ ਸ਼ੁਰੂ ਹੋਈ ਹੈ। 2019 ’ਚ ਯਾਤਰਾ ਧਾਰਾ-370 ਨੂੰ ਰੱਦ ਕਰਨ ਤੋਂ ਪਹਿਲਾਂ ਘੱਟ ਕਰ ਦਿੱਤੀ ਗਈ ਸੀ, ਜਦੋਂਕਿ ਇਸ ਨੂੰ 2020 ਤੇ 2021 ’ਚ ਕੋਵਿਡ-19 ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਤੀਰਥ ਯਾਤਰਾ ਦੀ ਸਮਾਪਤੀ 11 ਅਗਸਤ ਨੂੰ ਰੱਖੜੀ ਦੇ ਮੌਕੇ ’ਤੇ ਸਾਉਣ ਦੀ ਪੁੰਨਿਆ ਨੂੰ ਹੋਵੇਗੀ।

ਇਹ ਵੀ ਪੜ੍ਹੋ : ਬਾਬਾ ਬਰਫ਼ਾਨੀ ਦੇ ਦਰਸ਼ਨਾਂ ਦੀ ਤਾਂਘ, ਸ਼ਰਧਾਲੂਆਂ ਦਾ 5ਵਾਂ ਜਥਾ ਅਮਰਨਾਥ ਯਾਤਰਾ ਲਈ ਰਵਾਨਾ

ਜੰਮੂ ਰੇਲਵੇ ਸਟੇਸ਼ਨ ਨੇੜੇ ਹੋ ਰਿਹੈ ਰਜਿਸਟ੍ਰੇਸ਼ਨ
ਵਰਨਣਯੋਗ ਹੈ ਕਿ ਯਾਤਰੀ ਨਿਵਾਸ ਤੋਂ ਅਗਲੇ ਦਿਨ ਸ਼ਰਧਾਲੂਆਂ ਨੂੰ ਬਾਲਟਾਲ ਤੇ ਪਹਿਲਗਾਮ ਲਈ ਰਵਾਨਾ ਕੀਤਾ ਜਾਂਦਾ ਹੈ ਤਾਂ ਜੋ ਉਥੋਂ ਦੋਵਾਂ ਰਸਤਿਆਂ ਰਾਹੀਂ ਪਵਿੱਤਰ ਗੁਫਾ ਤਕ ਪਹੁੰਚ ਕੇ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਣ। ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਜੰਮੂ ਦੇ ਬੇਸ ਕੈਂਪ ਯਾਤਰੀ ਨਿਵਾਸ ਪਹੁੰਚਣ ’ਤੇ ਯਾਤਰੀਆਂ ਦਾ ਉਤਸ਼ਾਹ ਦੁੱਗਣਾ ਹੋ ਜਾਂਦਾ ਹੈ। ਯਾਤਰਾ ਨੂੰ ਲੈ ਕੇ ਯਾਤਰੀ ਪੂਰੀ ਤਰ੍ਹਾਂ ਆਤਮ-ਵਿਸ਼ਵਾਸ ਨਾਲ ਭਰ ਜਾਂਦੇ ਹਨ ਕਿਉਂਕਿ ਯਾਤਰਾ ਪਰਮਿਟ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਪਹਿਲਾ ਪੜਾਅ ਪਾਰ ਕਰਨ ਤੋਂ ਬਾਅਦ ਅੱਗੇ ਵਧਣ ਦੀ ਇਜਾਜ਼ਤ ਮਿਲ ਜਾਂਦੀ ਹੈ। ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਜੰਮੂ ਰੇਲਵੇ ਸਟੇਸ਼ਨ ਨੇੜੇ ਸਰਸਵਤੀ ਧਾਮ ਦੇ ਰਜਿਸਟ੍ਰੇਸ਼ਨ ਸੈਂਟਰ ਵਿਖੇ ਨਿਰਧਾਰਤ ਕੋਟੇ ਅਨੁਸਾਰ ਕੀਤੀ ਜਾ ਰਹੀ ਹੈ। ਇੱਥੇ ਤਾਇਨਾਤ ਅਧਿਕਾਰੀ ਖੁਦ ਯਾਤਰੀਆਂ ਦੀ ਮਦਦ ਕਰ ਰਹੇ ਹਨ। ਯਾਤਰੀਆਂ ਨੂੰ ਫਾਰਮ ਭਰਨ ਜਾਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਨੂੰ ਦੂਰ ਕਰਨ ਲਈ ਸਮੁੱਚਾ ਸਟਾਫ ਸਹਿਯੋਗ ਕਰ ਰਿਹਾ ਹੈ।

ਇਹ ਵੀ ਪੜ੍ਹੋ : ਅਮਰਨਾਥ ਯਾਤਰਾ; ਸ਼ਰਧਾਲੂਆਂ ਦਾ ਇਕ ਹੋਰ ਜਥਾ ਰਵਾਨਾ, ਹੁਣ ਤੱਕ ਇੰਨੇ ਸ਼ਰਧਾਲੂ ਕਰ ਚੁੱਕੇ ਹਨ ਦਰਸ਼ਨ

ਰਾਮ ਮੰਦਰ ’ਚ ਵੱਡੀ ਗਿਣਤੀ ’ਚ ਪਹੁੰਚੇ ਸਾਧੂ
ਸ਼ਹਿਰ ਦੇ ਵਿਚਕਾਰ ਸਥਿਤ ਪੁਰਾਣੀ ਮੰਡੀ ਦੇ ਰਾਮ ਮੰਦਰ ਵਿਚ ਸਾਧੂਆਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼ ਭਰ ਤੋਂ ਸਾਧੂ, ਸੰਤ ਅਤੇ ਸਾਧਵੀਆਂ ਯਾਤਰਾ ਲਈ ਪਹੁੰਚ ਰਹੇ ਹਨ। ਰਜਿਸਟ੍ਰੇਸ਼ਨ ਤੋਂ ਬਾਅਦ ਮੰਦਰ ਵਿਚ ਭਜਨ ਕੀਰਤਨ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਪੁਰਾਣੀ ਮੰਡੀ ਰਾਮ ਮੰਦਰ ਤੇ ਗੀਤਾ ਭਵਨ ਵਿਚ ਸਾਧੂਆਂ ਦੇ ਰਹਿਣ ਅਤੇ ਭੋਜਨ ਸਮੇਤ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਸ਼ਰਧਾਲੂਆਂ ਦੀ ਜਾਂਚ ਕਰਨਗੇ ਡਾਕਟਰ
ਜੰਮੂ-ਕਸ਼ਮੀਰ ਦੇ ਪ੍ਰਮੁੱਖ ਸਕੱਤਰ ਸਿਹਤ ਤੇ ਮੈਡੀਕਲ ਸਿੱਖਿਆ ਮਨੋਜ ਦਿਵੇਦੀ ਨੇ ਅਮਰਨਾਥ ਯਾਤਰੀਆਂ ਦੇ ਟੈਸਟ ਕਰਵਾਉਣ ਲਈ ਡਾਕਟਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਮਨੋਜ ਦਿਵੇਦੀ ਨੇ ਹਦਾਇਤਾਂ ’ਚ ਯਾਤਰਾ ਰੂਟ ’ਤੇ ਸਾਰੇ ਬੇਸ ਕੈਂਪਾਂ ਅਤੇ ਆਰਾਮ ਕੈਂਪਾਂ ਵਿਚ ਤਾਇਨਾਤ ਡਾਕਟਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਵਿਜ਼ੁਅਲ ਸਕ੍ਰੀਨਿੰਗ ਤੋਂ ਬਾਅਦ ਜੇ ਇਹ ਵੇਖਿਆ ਜਾਂਦਾ ਹੈ ਕਿ ਯਾਤਰੀ ਸਰੀਰਕ ਤੌਰ ’ਤੇ ਯਾਤਰਾ ਕਰਨ ਤੋਂ ਅਸਮਰੱਥ ਹੈ ਤਾਂ ਉਸ ਦਾ ਟੈਸਟ ਕੀਤਾ ਜਾਵੇ। ਭਾਵੇਂ ਸ਼ਰਧਾਲੂ ਇਨਕਾਰ ਕਰੇ ਜਾਂ ਵਿਰੋਧ ਕਰੇ, ਉਸ ਦਾ ਟੈਸਟ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਸ਼੍ਰੀ ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਨੇ ਜ਼ਰੂਰੀ ਸਿਹਤ ਸਰਟੀਫਿਕੇਟ ਪ੍ਰਾਪਤ ਕਰ ਲਿਆ ਹੈ। ਇਹ ਹਦਾਇਤਾਂ ਕੋਰੋਨਾ ਦੇ ਮਾਮਲਿਆਂ ਵਿਚ ਵਾਧੇ ਅਤੇ ਮੁਸ਼ਕਲ ਯਾਤਰਾ ਨੂੰ ਧਿਆਨ ਵਿਚ ਰੱਖਦੇ ਹੋਏ ਜਾਰੀ ਕੀਤੀਆਂ ਗਈਆਂ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News