ਇਸ ਸਾਲ ਗਰਮੀ ਕੱਢੇਗੀ ਹੋਰ ਵੱਟ, ਹਾਲਾਤ ਵਿਗਾੜ ਸਕਦੈ ਭਾਰੀ ਮੀਂਹ, ਪੜ੍ਹੋ ਮੌਸਮ ਵਿਭਾਗ ਦੀ ਰਿਪੋਰਟ

Saturday, Mar 02, 2024 - 02:15 AM (IST)

ਨਵੀਂ ਦਿੱਲੀ (ਭਾਸ਼ਾ)– ਭਾਰਤ ’ਚ ਇਸ ਸਾਲ ਆਮ ਨਾਲੋਂ ਜ਼ਿਆਦਾ ਗਰਮੀ ਤੇ ਲੂ ਵਾਲੇ ਦਿਨਾਂ ਦੇ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਕਿਉਂਕਿ ਅਲ ਨੀਨੋ ਦੇ ਹਾਲਾਤ ਘੱਟੋ-ਘੱਟ ਮਈ ਤੱਕ ਜਾਰੀ ਰਹਿ ਸਕਦੇ ਹਨ। ਭਾਰਤੀ ਮੌਸਮ ਵਿਭਾਗ (IMD) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਕਿਹਾ ਕਿ ਮਾਰਚ ’ਚ ਦੇਸ਼ ’ਚ ਆਮ ਤੋਂ ਵੱਧ ਮੀਂਹ (ਲੰਬੀ ਮਿਆਦ ਦੀ ਔਸਤ 29.9 ਮਿਲੀਮੀਟਰ ਦੇ 117 ਫ਼ੀਸਦੀ ਤੋਂ ਵੱਧ) ਪੈ ਸਕਦਾ ਹੈ।

ਆਈ. ਐੱਮ. ਡੀ. ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਇਕ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਭਾਰਤ ’ਚ ਮਾਰਚ ਤੋਂ ਮਈ ਦੀ ਮਿਆਦ ਦੇ ਦੌਰਾਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਵੱਧ ਤੋਂ ਵੱਧ ਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮਾਰਚ ਤੋਂ ਮਈ ਤੱਕ ਉੱਤਰ-ਪੂਰਬੀ ਭਾਰਤ, ਪੱਛਮੀ ਹਿਮਾਲੀਅਨ ਖ਼ੇਤਰ, ਦੱਖਣ-ਪੱਛਮੀ ਪ੍ਰਾਇਦੀਪ ਤੇ ਪੱਛਮੀ ਤੱਟ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਲੂ ਵਾਲੇ ਦਿਨਾਂ ਦੀ ਗਿਣਤੀ ਆਮ ਨਾਲੋਂ ਵੱਧ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਬੈਂਗਲੁਰੂ ਕੈਫੇ ਬਲਾਸਟ ਦੇ ਦੋਸ਼ੀ ਦੀ ਹੋਈ ਪਛਾਣ, 28-30 ਸਾਲ ਦੇ ਨੌਜਵਾਨ ਨੇ ਪਹਿਲਾਂ ਮੰਗਵਾਈ ਰਵਾ ਇਡਲੀ ਤੇ ਫਿਰ...

ਮਹਾਪਾਤਰਾ ਨੇ ਕਿਹਾ ਕਿ ਉੱਤਰ-ਪੂਰਬੀ ਪ੍ਰਾਇਦੀਪ ਭਾਰਤ-ਤੇਲੰਗਾਨਾ, ਆਂਧਰਾ ਪ੍ਰਦੇਸ਼ ਤੇ ਉੱਤਰੀ ਅੰਦਰੂਨੀ ਕਰਨਾਟਕ ਤੇ ਮਹਾਰਾਸ਼ਟਰ ਤੇ ਉੜੀਸਾ ਦੇ ਕਈ ਹਿੱਸਿਆਂ ’ਚ ਗਰਮੀ ਦੀ ਲਹਿਰ ਆਮ ਨਾਲੋਂ ਵੱਧ ਦਿਨਾਂ ਤੱਕ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮਾਰਚ ’ਚ ਉੱਤਰੀ ਤੇ ਮੱਧ ਭਾਰਤ ’ਚ ਲੂ ਦੀ ਸਥਿਤੀ ਦੀ ਸੰਭਾਵਨਾ ਨਹੀਂ ਹੈ। ਲੋਕ ਸਭਾ ਚੋਣਾਂ ਇਸ ਸਾਲ ਅਪ੍ਰੈਲ ਤੇ ਮਈ ’ਚ ਪ੍ਰਸਤਾਵਿਤ ਹਨ। ਮਹਾਪਾਤਰਾ ਨੇ ਕਿਹਾ ਕਿ ਅਲ ਨੀਨੋ (ਕੇਂਦਰੀ ਪ੍ਰਸ਼ਾਂਤ ਮਹਾਸਾਗਰ ’ਚ ਸਮੁੰਦਰੀ ਪਾਣੀ ਦਾ ਸਮੇਂ-ਸਮੇਂ ’ਤੇ ਗਰਮ ਹੋਣਾ) ਗਰਮੀਆਂ ਦੇ ਮੌਸਮ ਦੌਰਾਨ ਜਾਰੀ ਰਹੇਗਾ ਤੇ ਇਸ ਤੋਂ ਬਾਅਦ ਨਿਰਪੱਖ ਸਥਿਤੀਆਂ ਹੋ ਸਕਦੀਆਂ ਹਨ।

ਮਾਨਸੂਨ ਸੀਜ਼ਨ ਦੇ ਅਖੀਰਲੇ ਅੱਧ ’ਚ ਲਾ-ਨੀਨਾ ਸਥਿਤੀਆਂ ਬਣਨ ਦੀ ਸੰਭਾਵਨਾ ਹੈ। ਇਹ ਆਮ ਤੌਰ ’ਤੇ ਭਾਰਤ ’ਚ ਚੰਗੀ ਮਾਨਸੂਨ ਬਾਰਿਸ਼ ਨਾਲ ਜੁੜਿਆ ਹੁੰਦਾ ਹੈ। ਆਈ. ਐੱਮ. ਡੀ. ਮੁਖੀ ਨੇ ਕਿਹਾ ਕਿ ਭਾਰਤ ’ਚ ਇਸ ਸਾਲ ਫਰਵਰੀ ’ਚ ਔਸਤਨ ਘੱਟੋ-ਘੱਟ ਤਾਪਮਾਨ 14.61 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਕਿ 1901 ਤੋਂ ਬਾਅਦ ਇਸ ਮਹੀਨੇ ਦਾ ਦੂਜਾ ਸਭ ਤੋਂ ਵੱਧ ਘੱਟੋ-ਘੱਟ ਤਾਪਮਾਨ ਹੈ। ਉਨ੍ਹਾਂ ਕਿਹਾ ਕਿ ਫਰਵਰੀ ’ਚ ਕੁਲ 8 ਪੱਛਮੀ ਗੜਬੜੀਆਂ ਨੇ ਪੱਛਮੀ ਹਿਮਾਲੀਅਨ ਸੂਬਿਆਂ ਦੇ ਮੌਸਮ ਨੂੰ ਪ੍ਰਭਾਵਿਤ ਕੀਤਾ। ਇਨ੍ਹਾਂ ’ਚੋਂ 6 ਸਰਗਰਮ ਪੱਛਮੀ ਗੜਬੜੀਆਂ ਸਨ, ਜੋ ਉੱਤਰੀ ਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਤੇ ਗੜੇਮਾਰੀ ਦਾ ਕਾਰਨ ਬਣੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News