'ਕੋਚਿੰਗ ਸੈਂਟਰਾਂ ਨਾਲ ਜੁੜੀ ਇਹ ਸਮੱਸਿਆ ਓਨੀ ਸੌਖੀ ਨਹੀਂ ਜਿੰਨੀ ਲੱਗਦੀ ਹੈ', 'ਦ੍ਰਿਸ਼ਟੀ' ਦੇ ਮਾਲਕ ਦਾ ਵੱਡਾ ਬਿਆਨ
Wednesday, Jul 31, 2024 - 02:14 AM (IST)
ਨਵੀਂ ਦਿੱਲੀ : ਦਿੱਲੀ ਦੇ ਪ੍ਰਸਿੱਧ ਕੋਚਿੰਗ ਸੰਸਥਾਨ 'ਦ੍ਰਿਸ਼ਟੀ' ਆਈਏਐੱਸ ਦੇ ਮਾਲਕ ਵਿਕਾਸ ਦਿਵਿਆਕਿਰਤੀ ਨੇ ਕਾਨੂੰਨੀ ਉਲੰਘਣਾ ਕਾਰਨ ਸੰਸਥਾਨ ਦਾ ਬੇਸਮੈਂਟ ਸੀਲ ਕੀਤੇ ਜਾਣ ਦੇ ਇਕ ਦਿਨ ਬਾਅਦ ਮੰਗਲਵਾਰ ਨੂੰ ਕਿਹਾ ਕਿ ਰਾਜੇਂਦਰ ਨਗਰ ਵਿਚ ਇਕ ਕੋਚਿੰਗ ਸੈਂਟਰ ਵਿਚ ਪਾਣੀ ਭਰਨ ਕਾਰਨ ਵਿਦਿਆਰਥੀਆਂ ਦੀ ਮੌਤ 'ਤੇ ਪੈਦਾ ਹੋਇਆ ਗੁੱਸਾ ਜਾਇਜ਼ ਹੈ। ਉਨ੍ਹਾਂ ਅਧਿਕਾਰੀਆਂ ਤੋਂ ਕੋਚਿੰਗ ਸੰਸਥਾਵਾਂ ਲਈ ਦਿਸ਼ਾ-ਨਿਰਦੇਸ਼ ਲਾਗੂ ਕਰਨ ਦੀ ਮੰਗ ਕੀਤੀ। ਵੱਖ-ਵੱਖ ਏਜੰਸੀਆਂ ਦੇ ਕਾਨੂੰਨਾਂ ਵਿਚ "ਅਸਪੱਸ਼ਟਤਾ ਅਤੇ ਵਿਰੋਧਾਭਾਸ" ਹੋਣ ਦਾ ਦਾਅਵਾ ਕਰਦੇ ਹੋਏ ਦਿਵਿਆਕੀਰਤੀ ਨੇ ਇਹ ਵੀ ਕਿਹਾ ਕਿ ਕੋਚਿੰਗ ਸੰਸਥਾਵਾਂ ਨਾਲ ਸਬੰਧਤ ਸਮੱਸਿਆ ਓਨੀ ਸਾਧਾਰਨ ਨਹੀਂ ਹੈ, ਜਿੰਨੀ ਇਹ ਦਿਖਾਈ ਦਿੰਦੀ ਹੈ।
ਦਿੱਲੀ ਨਗਰ ਨਿਗਮ ਵੱਲੋਂ ਮੁਖਰਜੀ ਨਗਰ ਵਿਚ ਆਪਣੇ ਸੰਸਥਾਨ ਖ਼ਿਲਾਫ਼ ਕਾਰਵਾਈ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਦਿਵਿਆਕੀਰਤੀ ਨੇ ਬਿਆਨ ਜਾਰੀ ਕਰਨ ਵਿਚ ਦੇਰੀ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਸਰਕਾਰ ਨਾਲ ਸਹਿਯੋਗ ਕਰ ਰਹੇ ਹਨ। ਇੰਸਟੀਚਿਊਟ ਦੀ ਬੇਸਮੈਂਟ ਨੂੰ ਸੀਲ ਕੀਤੇ ਜਾਣ ਤੋਂ ਬਾਅਦ ਸੋਮਵਾਰ ਰਾਤ ਨੂੰ ਵੱਡੀ ਗਿਣਤੀ 'ਚ ਵਿਦਿਆਰਥੀ ਉਨ੍ਹਾਂ ਦੇ ਘਰ ਦੇ ਬਾਹਰ ਇਕੱਠੇ ਹੋਏ ਅਤੇ ਇਸ ਮਾਮਲੇ 'ਤੇ ਜਵਾਬ ਮੰਗਿਆ।
ਇਹ ਵੀ ਪੜ੍ਹੋ : ਰਾਂਚੀ 'ਚ ਦਰਦਨਾਕ ਹਾਦਸਾ; ਅਸਮਾਨੀ ਬਿਜਲੀ ਡਿੱਗਣ ਨਾਲ 4 ਲੋਕਾਂ ਦੀ ਮੌਤ, ਕਈ ਝੁਲਸੇ
'ਐਕਸ' 'ਤੇ ਸ਼ੇਅਰ ਕੀਤੇ ਆਪਣੇ ਬਿਆਨ ਵਿਚ ਦਿਵਿਆਕਿਰਤੀ ਨੇ ਕਿਹਾ, "ਸਾਨੂੰ ਅਫਸੋਸ ਹੈ ਕਿ ਅਸੀਂ ਆਪਣਾ ਪੱਖ ਪੇਸ਼ ਕਰਨ ਵਿਚ ਦੇਰੀ ਕੀਤੀ। ਦਰਅਸਲ, ਅਸੀਂ ਅਧੂਰੀ ਜਾਣਕਾਰੀ ਦੇ ਆਧਾਰ 'ਤੇ ਕੁਝ ਨਹੀਂ ਕਹਿਣਾ ਚਾਹੁੰਦੇ ਸੀ। ਅਸੀਂ ਇਸ ਦੇਰੀ ਲਈ ਦਿਲੋਂ ਮੁਆਫੀ ਚਾਹੁੰਦੇ ਹਾਂ।” ਤਿੰਨਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ, ਉਨ੍ਹਾਂ ਕਿਹਾ, "ਅਸੀਂ ਸ਼ਨੀਵਾਰ ਨੂੰ ਵਾਪਰੀ ਮੰਦਭਾਗੀ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ, ਜਿਸ ਵਿਚ ਤਿੰਨ ਵਿਦਿਆਰਥੀਆਂ ਸ਼੍ਰੇਆ ਯਾਦਵ, ਤਾਨਿਆ ਸੋਨੀ ਅਤੇ ਨਿਵਿਨ ਦਲਵਿਨ ਦੀ ਬੇਵਕਤੀ ਅਤੇ ਦੁਖਦਾਈ ਮੌਤ ਹੋ ਗਈ।"
ਦਿਵਿਆਕਿਰਤੀ ਨੇ ਦੋਸ਼ ਲਾਇਆ ਕਿ ਦਿੱਲੀ ਵਿਕਾਸ ਅਥਾਰਟੀ (ਡੀਡੀਏ), ਦਿੱਲੀ ਨਗਰ ਨਿਗਮ (ਐੱਮਸੀਡੀ) ਅਤੇ ਦਿੱਲੀ ਫਾਇਰ ਡਿਪਾਰਟਮੈਂਟ ਦੇ ਨਿਯਮਾਂ ਵਿਚ ਅੰਤਰ ਹੈ। ਉਨ੍ਹਾਂ ਨੇ ਕਿਹਾ, ''ਕੋਚਿੰਗ ਇੰਸਟੀਚਿਊਟ ਨਾਲ ਜੁੜੀ ਇਹ ਸਮੱਸਿਆ ਇੰਨੀ ਸਾਧਾਰਨ ਨਹੀਂ ਹੈ ਜਿੰਨੀ ਇਹ ਜਾਪਦੀ ਹੈ। ਇਸ ਦੇ ਬਹੁਤ ਸਾਰੇ ਪਹਿਲੂ ਹਨ ਜੋ ਅਸਪੱਸ਼ਟਤਾ ਅਤੇ ਕਾਨੂੰਨਾਂ ਦੇ ਵਿਰੋਧਾਭਾਸ ਨਾਲ ਸਬੰਧਤ ਹਨ। ਡੀਡੀਏ, ਐੱਮਸੀਡੀ ਅਤੇ ਦਿੱਲੀ ਫਾਇਰ ਡਿਪਾਰਟਮੈਂਟ ਦੇ ਨਿਯਮਾਂ ਵਿਚ ਅੰਤਰ ਹੈ।
ਦਿਵਿਆਕਿਰਤੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਕੋਚਿੰਗ ਇੰਸਟੀਚਿਊਟ 'ਚ ਵਿਦਿਆਰਥੀਆਂ ਦੀ ਸੁਰੱਖਿਆ ਲਈ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ, “ਇਸ ਸਮੇਂ, ਸਾਡੇ ਪ੍ਰਬੰਧਨ ਵਿਚ ਫਾਇਰ ਅਤੇ ਸੇਫਟੀ ਅਫਸਰ ਦੀ ਇਕ ਵਿਸ਼ੇਸ਼ ਪੋਸਟ ਹੈ। ਇਸ ਅਹੁਦੇ 'ਤੇ ਕੰਮ ਕਰਨ ਵਾਲੇ ਅਧਿਕਾਰੀ ਨੇ ਨੈਸ਼ਨਲ ਫਾਇਰ ਸਰਵਿਸ ਕਾਲਜ (ਨਾਗਪੁਰ) ਤੋਂ ਗ੍ਰੈਜੂਏਸ਼ਨ ਕੀਤੀ ਹੈ ਅਤੇ 14 ਸਾਲਾਂ ਤੱਕ ਵੱਡੇ ਹਸਪਤਾਲਾਂ ਅਤੇ ਮਾਲਾਂ ਵਿਚ ਕੰਮ ਕੀਤਾ ਹੈ। "ਉਹ ਹਰੇਕ ਇਮਾਰਤ ਦਾ ਨਿਯਮਤ ਸੁਰੱਖਿਆ ਆਡਿਟ ਕਰਦੇ ਹਨ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8