ਭਾਰਤ ਦੇ ਵਿਕਾਸ ਗਾਥਾ ਦਾ ਹਿੱਸਾ ਬਣਨ ਦਾ ਇਹ ਸਹੀ ਸਮਾਂ ਹੈ: PM ਮੋਦੀ
Friday, Oct 25, 2024 - 04:20 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜਰਮਨੀ ਕੰਪਨੀਆਂ ਨੂੰ ਦੇਸ਼ 'ਚ ਨਿਵੇਸ਼ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਨਿਵੇਸ਼ ਲਈ ਭਾਰਤ ਤੋਂ ਬਿਹਤਰ ਕੋਈ ਜਗ੍ਹਾ ਨਹੀਂ ਹੈ ਅਤੇ ਦੇਸ਼ ਦੀ ਵਿਕਾਸ ਗਾਥਾ ਦਾ ਹਿੱਸਾ ਬਣਨ ਦਾ ਇਹ ਸਹੀ ਸਮਾਂ ਹੈ। ਇੱਥੇ ਆਯੋਜਿਤ ‘ਏਸ਼ੀਆ ਪੈਸੀਫਿਕ ਕਾਨਫਰੰਸ ਆਫ ਜਰਮਨ ਬਿਜ਼ਨੈੱਸ’ ਦੇ 18ਵੇਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ਕਾਂ ਲਈ ਭਾਰਤ ਦੀ ਵਿਕਾਸ ਗਾਥਾ ਦਾ ਹਿੱਸਾ ਬਣਨ, ‘ਮੇਕ ਇਨ ਇੰਡੀਆ’ ਅਤੇ ‘ਮੇਕ ਫਾਰ ਦਿ ਵਰਲਡ’ ਨਾਲ ਜੁੜਨ ਦਾ ਇਹ 'ਸਹੀ' ਸਮਾਂ ਹੈ।
ਉਨ੍ਹਾਂ ਕਿਹਾ ਕਿ ਜਰਮਨੀ ਨੇ ਭਾਰਤ ਦੇ ਹੁਨਰਮੰਦ ਕਰਮਚਾਰੀਆਂ 'ਤੇ ਜੋ ਭਰੋਸਾ ਪ੍ਰਗਟਾਇਆ ਹੈ, ਉਹ ਸ਼ਾਨਦਾਰ ਹੈ ਕਿਉਂਕਿ ਯੂਰਪੀਅਨ ਰਾਸ਼ਟਰ ਨੇ ਹੁਨਰਮੰਦ ਭਾਰਤੀ ਕਰਮਚਾਰੀਆਂ ਲਈ ਵੀਜ਼ਾ ਦੀ ਗਿਣਤੀ 20,000 ਤੋਂ ਵਧਾ ਕੇ 90,000 ਕਰਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਲੋਕਤੰਤਰ, ਆਬਾਦੀ, ਮੰਗ ਅਤੇ 'ਡਾਟਾ' ਦੇ ਮਜ਼ਬੂਤ ਥੰਮ੍ਹਾਂ 'ਤੇ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸੜਕਾਂ ਅਤੇ ਬੰਦਰਗਾਹਾਂ 'ਚ ਰਿਕਾਰਡ ਨਿਵੇਸ਼ ਕਰ ਰਿਹਾ ਹੈ। ਨਾਲ ਹੀ ਇੰਡੋ-ਪੈਸੀਫਿਕ ਖੇਤਰ ਵਿਸ਼ਵ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ।
ਇਹ ਸੰਮੇਲਨ 12 ਸਾਲਾਂ ਦੇ ਵਕਫ਼ੇ ਤੋਂ ਬਾਅਦ ਸ਼ੁੱਕਰਵਾਰ ਨੂੰ ਆਯੋਜਿਤ ਹੋਇਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ 2047 ਤੱਕ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਲਈ ਇਕ ਢਾਂਚਾ ਤਿਆਰ ਕੀਤਾ ਹੈ ਅਤੇ ਇਸ ਮਹੱਤਵਪੂਰਨ ਸਮੇਂ 'ਚ ਜਰਮਨ ਮੰਤਰੀ ਮੰਡਲ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਕ 'ਭਾਰਤ ਕੇਂਦਰਿਤ' ਦਸਤਾਵੇਜ਼ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਭਿੰਨਤਾ, ਜੋਖਮ-ਮੁਕਤ, ਵਪਾਰ ਅਤੇ ਨਿਰਮਾਣ ਦਾ ਕੇਂਦਰ ਬਣ ਰਿਹਾ ਹੈ ਅਤੇ ਇਹ ਜਰਮਨ ਕੰਪਨੀਆਂ ਨੂੰ ਵਪਾਰ ਦੇ ਵਿਸ਼ਾਲ ਮੌਕੇ ਪ੍ਰਦਾਨ ਕਰਦਾ ਹੈ।