ਭਾਜਪਾ ਆਗੂ ਦਾ ਖੇਤੀਬਾੜੀ ਮੰਤਰੀ 'ਤੇ ਨਿਸ਼ਾਨਾ, ਕਿਹਾ- ਨਰਿੰਦਰ ਤੋਮਰ ਦੇ ਸਿਰ ਚੜ੍ਹਿਆ ਸੱਤਾ ਦਾ ਹੰਕਾਰ

Sunday, Feb 07, 2021 - 01:20 AM (IST)

ਭੋਪਾਲ (ਭਾਸ਼ਾ)- ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) ਦੇ ਇਕ ਪੁਰਾਣੇ ਵਰਕਰ 73 ਸਾਲਾ ਰਘੁਨੰਦਨ ਸ਼ਰਮਾ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਸਲਾਹ ਦਿੱਤੀ ਹੈ ਕਿ ਜੇ ਕਿਸਾਨ ਆਪਣਾ ਖੁਦ ਦਾ ਭਲਾ ਨਹੀਂ ਚਾਹੁੰਦੇ ਤਾਂ ਜ਼ਬਰਦਸਤੀ ਉਨ੍ਹਾਂ ਦੀ ਭਲਾਈ ਕਰਨ ਲਈ ਉਹ ਪੂਰੀ ਤਾਕਤ ਕਿਉਂ ਲਾ ਰਹੇ ਹਨ?
ਸ਼ਰਮਾ ਨੇ ਕਿਹਾ ਕਿ ਤੋਮਰ ਵਿਚ ਸੱਤਾ ਦਾ ਹੰਕਾਰ ਨਰਿੰਦਰ ਮੋਦੀ ਦੀ ਰਾਸ਼ਟਰਵਾਦੀ ਸਰਕਾਰ ਨੂੰ ਮਿਲੀ ਦੁਰਲੱਭ ਲੋਕ ਰਾਏ ਨੂੰ ਹੌਲੀ-ਹੌਲੀ ਗੁਆ ਰਿਹਾ ਹੈ। ਮੱਧ ਪ੍ਰਦੇਸ਼ ਤੋਂ ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਰਘੁਨੰਦਨ ਸ਼ਰਮਾ ਨੇ ਦੋ ਦਿਨ ਪਹਿਲਾਂ ਫੇਸਬੁੱਕ 'ਤੇ ਲਿਖੀ ਆਪਣੀ ਪੋਸਟ ਵਿਚ ਕਿਹਾ, 'ਪਿਆਰੇ ਨਰਿੰਦਰ ਤੋਮਰ ਜੀ, ਤੁਹਾਡਾ ਇਰਾਦਾ ਕਿਸਾਨਾਂ ਦੀ ਮਦਦ ਕਰਨ ਦਾ ਹੋ ਸਕਦਾ ਹੈ ਪਰ ਜੇ ਕਿਸਾਨ ਖੁਦ ਆਪਣਾ ਭਲਾ ਨਹੀਂ ਚਾਹੁੰਦੇ ਤਾਂ ਅਜਿਹੀ ਭਲਾਈ ਕਰਨ ਦੀ ਕੀ ਤੁੱਕ ਹੈ? ਤੁਸੀਂ ਭਾਰਤ ਸਰਕਾਰ ਵਿਚ ਸਹਿਯੋਗੀ ਹੋ। ਅੱਜ ਦੀ ਰਾਸ਼ਟਰਵਾਦੀ ਸਰਕਾਰ ਬਣਨ ਤੱਕ ਹਜ਼ਾਰਾਂ ਰਾਸ਼ਟਰਵਾਦੀਆਂ ਨੇ ਆਪਣੀ ਜਵਾਨੀ ਤੇ ਆਪਣਾ ਜੀਵਨ ਖਪਾਇਆ ਹੈ। ਪਿਛਲੇ 100 ਸਾਲਾਂ ਤੋਂ ਜਵਾਨੀਆਂ ਆਪਣੀ ਕੁਰਬਾਨੀ, ਸਮਰਪਣ ਅਤੇ ਮਿਹਨਤ ਨਾਲ ਮਾਤਰ ਭੂਮੀ ਦੀ ਸੇਵਾ ਕਰਨ ਵਿਚ ਲੱਗੀਆਂ ਹੋਈਆਂ ਹਨ। ਅੱਜ ਤੁਹਾਨੂੰ ਜੋ ਸੱਤਾ ਮਿਲੀ ਹੈ, ਇਹ ਸਿਰਫ ਤੁਹਾਡੀ ਮਿਹਨਤ ਦਾ ਫਲ ਹੈ, ਸਬੰਧੀ ਤੁਹਾਨੂੰ ਭੁਲੇਖਾ ਹੈ। ਸੱਤਾ ਦਾ ਨਸ਼ਾ ਜਦੋਂ ਚੜ੍ਹਦਾ ਹੈ ਤਾਂ ਕੁਝ ਵੀ ਨਜ਼ਰ ਨਹੀਂ ਆਉਂਦਾ। ਇਹ ਹੁਣ ਤੁਹਾਡੇ ਸਿਰ ਚੜ੍ਹਿਆ ਹੋਇਆ ਹੈ। ਤੁਸੀਂ ਹਾਸਲ ਕੀਤੀ ਦੁਰਲਭ ਲੋਕ ਰਾਏ ਨੂੰ ਗੁਆ ਰਹੇ ਹੋ। ਕਾਂਗਰਸ ਦੀਆਂ ਸਭ ਸੜੀਆਂ ਗਲੀਆਂ ਨੀਤੀਆਂ ਅਸੀਂ ਹੀ ਲਾਗੂ ਕਰੀਏ, ਇਹ ਵਿਚਾਰ ਧਾਰਾ ਦੇ ਹਿੱਤਾਂ ਵਿਚ ਨਹੀਂ ਹੈ। ਬੂੰਦ-ਬੂੰਦ ਨਾਲ ਘੜਾ ਖਾਲੀ ਵੀ ਹੋ ਜਾਂਦਾ ਹੈ। ਲੋਕ ਰਾਏ ਨਾਲ ਵੀ ਇਹੀ ਗੱਲ ਹੈ। ਤੁਹਾਡੀ ਸੋਚ ਕਿਸਾਨਾਂ ਦੇ ਹੱਕ ਵਿਚ ਹੋ ਸਕਦੀ ਹੈ ਪਰ ਜਦੋਂ ਕੋਈ ਖੁਦ ਆਪਣਾ ਭਲਾ ਨਹੀਂ ਚਾਹੁੰਦਾ ਤਾਂ ਜਬਰੀ ਭਲਾ ਕਰਨ ਦੀ ਕੀ ਤੁੱਕ ਬਣਦੀ ਹੈ? ਤੁਸੀਂ ਰਾਸ਼ਟਰਵਾਦ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਸੰਵਿਧਾਨਕ ਤਾਕਤ ਲਾਓ। ਕਿਤੇ ਬਾਅਦ ਵਿਚ ਪਛਤਾਉਣਾ ਨਾ ਪਵੇ। ਸੋਚਦਾ ਹਾਂ ਕਿ ਵਿਚਾਰਧਾਰਾ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਦਾ ਸੰਕੇਤ ਤੁਸੀਂ ਸਮਝ ਗਏ ਹੋਵੋਗੇ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News