ਝਾਰਖੰਡ ਵਿਧਾਨ ਸਭਾ ਚੋਣਾਂ : ਤੀਜੇ ਪੜਾਅ ''ਚ ਹੋਵੇਗਾ 309 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
Thursday, Dec 12, 2019 - 08:20 AM (IST)

ਰਾਂਚੀ— ਝਾਰਖੰਡ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਦੀ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਪੜਾਅ 'ਚ 17 ਸੀਟਾਂ 'ਤੇ 309 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਨ੍ਹਾਂ 'ਚ 32 ਔਰਤਾਂ ਵੀ ਸ਼ਾਮਲ ਹਨ। ਇਸ ਪੜਾਅ 'ਚ ਸੂਬੇ ਦੇ 8 ਜ਼ਿਲਿਆਂ 'ਚ ਵੋਟਿੰਗ ਹੋਵੇਗੀ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੈ। ਰਾਂਚੀ, ਹਟੀਆ, ਕਾਂਕੇ, ਰਾਮਗੜ੍ਹ ਅਤੇ ਬਰਕੱਟਾ 'ਚ ਵੋਟਿੰਗ ਸ਼ਾਮ 5 ਵਜੇ ਤਕ ਹੋਵੇਗੀ। ਉੱਥੇ ਹੀ ਹੋਰ 12 ਸੀਟਾਂ 'ਤੇ ਵੋਟਿੰਗ ਸ਼ਾਮ 3 ਵਜੇ ਤਕ ਚੱਲੇਗੀ।
ਬੀ.ਜੇ.ਪੀ. ਤੋਂ ਵੱਖ ਹੋ ਕੇ ਮੈਦਾਨ 'ਚ ਉੱਤਰੀ 'ਆਲ ਝਾਰਖੰਡ ਸਟੂਡੈਂਟ ਯੂਨੀਅਨ' (ਆਜਸੂ) ਲਈ ਤੀਜਾ ਪੜਾਅ ਕਾਫੀ ਅਹਿਮ ਹੈ। ਆਜਸੂ ਪ੍ਰਧਾਨ ਸੁਦੇਸ਼ ਮਹਤੋ ਤੇ ਪਾਰਟੀ ਦੇ ਹੋਰ ਕੱਦਵਾਰ ਨੇਤਾਵਾਂ ਦਾ ਸਿਆਸੀ ਸਫਰ ਇਸ ਪੜਾਅ 'ਚ ਤੈਅ ਹੋਣਾ ਹੈ।
ਪੀ. ਐੱਮ. ਮੋਦੀ ਨੇ ਕੀਤੀ ਅਪੀਲ—
ਝਾਰਖੰਡ 'ਚ ਤੀਜੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਲੋਕਾਂ ਨੂੰ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ। ਪੀ. ਐੱਮ. ਨੇ ਖਾਸ ਕਰਕੇ ਨੌਜਵਾਨਾਂ ਨੂੰ ਵੋਟਿੰਗ ਲਈ ਅਪੀਲ ਕੀਤੀ।
5 ਪੜਾਵਾਂ 'ਚ ਹੋ ਰਹੀਆਂ ਚੋਣਾਂ—
ਝਾਰਖੰਡ ਦੀਆਂ 81 ਵਿਧਾਨ ਸਭਾ ਸੀਟਾਂ ਲਈ 5 ਪੜਾਵਾਂ 'ਚ ਵੋਟਿੰਗ ਹੋਣੀ ਹੈ। 30 ਨਵੰਬਰ ਅਤੇ 7 ਦਸੰਬਰ ਨੂੰ ਇਸ ਤੋਂ ਪਹਿਲਾਂ ਵੋਟਿੰਗ ਹੋ ਚੁੱਕੀ ਹੈ। ਤੀਜੇ ਪੜਾਅ ਦੀ ਵੋਟਿੰਗ ਅੱਜ ਭਾਵ 12 ਦਸੰਬਰ ਨੂੰ ਹੋ ਰਹੀ ਹੈ। ਇਸ ਤੋਂ ਬਾਅਦ 16 ਦਸੰਬਰ ਅਤੇ 20 ਦਸੰਬਰ ਨੂੰ ਚੌਥੇ ਤੇ ਪੰਜਵੇਂ ਪੜਾਅ ਦੀਆਂ ਚੋਣਾਂ ਹੋਣੀਆਂ ਹਨ ਤੇ ਇਨ੍ਹਾਂ ਦਾ ਨਤੀਜਾ 23 ਦਸੰਬਰ ਨੂੰ ਆਉਣਾ ਹੈ।