ਸੁਰੰਗ ਪੁੱਟ ਕੇ ਪੰਜਾਬ ਨੈਸ਼ਨਲ ਬੈਂਕ ਦੇ ਸਟਰਾਂਗ ਰੂਮ ਤੱਕ ਪਹੁੰਚੇ ਚੋਰ, ਫਿਰ....
Tuesday, Jan 28, 2025 - 11:32 AM (IST)
ਸਿਰਸਾ- ਹਰਿਆਣਾ 'ਚ ਚੋਰਾਂ ਦਾ ਆਤੰਕ ਵਧਦਾ ਜਾ ਰਿਹਾ ਹੈ, ਜਿੱਥੇ ਸਿਰਸਾ ਦੇ ਗੋਰੀਵਾਲਾ 'ਚ ਪੁਲਸ ਚੌਕੀ ਤੋਂ ਸਿਰਫ 100 ਮੀਟਰ ਦੀ ਦੂਰੀ 'ਤੇ ਪਿੰਡ ਡੱਬਵਾਲੀ-ਏਲਨਾਬਾਦ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਚਾਰਦੀਵਾਰੀ 'ਚ ਸੁਰੰਗ ਬਣਾ ਚੋਰ ਸਟਰਾਂਗ ਰੂਮ 'ਚ ਦਾਖਲ ਹੋ ਗਏ। ਪੰਜਾਬ ਨੈਸ਼ਨਲ ਬੈਂਕ ਦੇ ਉੱਚ ਅਧਿਕਾਰੀਆਂ ਵੱਲੋਂ ਕੈਸ਼ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਮੁਤਾਬਕ ਬੈਂਕ 'ਚ ਚੋਰੀ ਦੀ ਕੋਸ਼ਿਸ਼ ਹੋਈ ਹੈ। ਪੁਲਸ ਨੇ ਬੈਂਕ 'ਚ ਲੱਗੇ ਸੀ. ਸੀ. ਟੀ. ਵੀ ਕੈਮਰੇ ਵੀ ਕਬਜ਼ੇ 'ਚ ਲੈ ਲਏ ਹਨ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਸੁਰੰਗ ਬਣਾ ਕੇ ਸਟਰਾਂਗ ਰੂਮ 'ਚ ਦਾਖ਼ਲ ਹੋਏ ਚੋਰ
ਜਾਣਕਾਰੀ ਅਨੁਸਾਰ ਬੱਸ ਸਟੈਂਡ ਸਥਿਤ ਸੁਭਾਸ਼ ਗੁਪਤਾ ਦੀ ਜ਼ਮੀਨ ’ਤੇ ਬਣੇ ਬੈਂਕ ਦੀ ਪਿਛਲੀ ਕੰਧ ਖੇਤਾਂ ਵੱਲ ਹੈ ਜਦੋਂਕਿ ਬੈਂਕ ਦਾ ਮੁੱਖ ਗੇਟ ਸੜਕ ਵੱਲ ਖੁੱਲ੍ਹਦਾ ਹੈ। ਐਤਵਾਰ ਰਾਤ ਨੂੰ ਚੋਰ ਖੇਤ 'ਚੋਂ ਸੁਰੰਗ ਬਣਾ ਕੇ ਸਟਰਾਂਗ ਰੂਮ 'ਚ ਦਾਖਲ ਹੋ ਗਏ। ਚੋਰ ਬਹੁਤ ਹੁਸ਼ਿਆਰੀ ਨਾਲ ਕੰਧ ਦੀ ਨੀਂਹ ਤੋਂ ਇੱਟਾਂ ਕੱਢ ਕੇ ਸਟਰਾਂਗ ਰੂਮ ਵਿਚ ਦਾਖਲ ਹੋਏ। ਸੁਰੰਗ ਨੂੰ ਇਸ ਤਰੀਕੇ ਨਾਲ ਪੁੱਟਿਆ ਗਿਆ ਸੀ ਕਿ ਇਹ ਯੂ ਸ਼ੇਪ ਵਿਚ ਸਿੱਧੀ ਸਟਰਾਂਗ ਰੂਮ ਦੇ ਫਰਸ਼ ਵਿਚ ਜਾ ਵੜੀ।
ਅੱਜ ਜਿਵੇਂ ਹੀ ਬਰਾਂਚ ਮੈਨੇਜਰ ਨੇ ਕੰਪਲੈਕਸ 'ਚ ਜਾ ਕੇ ਵੇਖਿਆ ਤਾਂ ਖੇਤਾਂ ਵਿਚੋਂ ਸਟਰਾਂਗ ਰੂਮ ਵਿਚ ਇਕ ਸੁਰੰਗ ਪੁੱਟੀ ਹੋਈ ਸੀ। ਜਿਸ ਦੀ ਸੂਚਨਾ ਉਸ ਨੇ ਪੁਲਸ ਨੂੰ ਦਿੱਤੀ। ਇਹ ਸਾਰਾ ਮਾਮਲਾ ਬਰਾਂਚ ਮੈਨੇਜਰ ਵੱਲੋਂ ਬੈਂਕ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ। ਪੁਲਸ ਦੇ ASP ਮਯੰਕ ਮੁਦਗਿਲ ਅਤੇ ਬਰਾਂਚ ਮੈਨੇਜਰ ਰਾਮਰਾਜ ਮੀਨਾ ਬੈਂਕ ਦੇ ਕੰਪਲੈਕਸ ਵਿਚ ਹੋਈ ਚੋਰੀ ਦੀ ਜਾਂਚ 'ਚ ਜੁਟੇ ਹੋਏ ਸਨ। ਪੁਲਸ ਵੱਲੋਂ ਡੌਗ ਸਕੁਐਡ ਰਾਹੀਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਬੈਂਕ 'ਚ ਦਸਤਾਵੇਜ਼ ਅਤੇ ਨਕਦੀ ਪੂਰੀ ਤਰ੍ਹਾਂ ਸੁਰੱਖਿਅਤ
ਡੱਬਵਾਲੀ ਦੇ DSP ਅਜੇ ਅਹਿਲਾਵਤ ਨੇ ਦੱਸਿਆ ਕਿ ਪਿੰਡ ਗੋਰੀਵਾਲਾ ਵਿਚ ਇਕ ਬੈਂਕ ਵਿਚੋਂ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਹਾਲਾਂਕਿ ਬੈਂਕ ਵਿਚ ਮੌਜੂਦ ਦਸਤਾਵੇਜ਼ ਅਤੇ ਨਕਦੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਬੈਂਕ ਵਿਚ ਲੱਗੇ CCTV ਰਾਹੀਂ ਚੋਰ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰ ਨੂੰ ਫੜ ਲਿਆ ਜਾਵੇਗਾ।