ਕਸ਼ਮੀਰ ਦੇ ਤਿੰਨ ਜ਼ਿਲ੍ਹੇ ਅੱਤਵਾਦ ਮੁਕਤ, ਦੋ ਸੰਗਠਨਾਂ ਕੋਲ ਕਮਾਂਡਰ ਵੀ ਨਹੀਂ: ਵਿਜੇ ਕੁਮਾਰ
Monday, Nov 28, 2022 - 02:41 PM (IST)
ਸ਼੍ਰੀਨਗਰ- ਕਸ਼ਮੀਰ ਘਾਟੀ ’ਚ ਅੱਤਵਾਦ ਦੀ ਕਮਰ ਟੁੱਟ ਚੁੱਕੀ ਹੈ ਅਤੇ 3 ਜ਼ਿਲ੍ਹਿਆਂ ’ਚ ਮੌਜੂਦਾ ਸਮੇਂ ਵਿਚ ਇਕ ਵੀ ਅੱਤਵਾਦੀ ਸਰਗਰਮ ਨਹੀਂ ਹੈ। ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਸੰਗਠਨਾਂ ਦੀ ਕਸ਼ਮੀਰ ’ਚ ਕਮਾਨ ਸੰਭਾਲਣ ਵਾਲਾ ਕੋਈ ਕਮਾਂਡਰ ਨਹੀਂ ਬਚਿਆ ਹੈ। ਵਧੀਕ ਪੁਲਸ ਜਨਰਲ ਡਾਇਰੈਕਟਰ ਕਸ਼ਮੀਰ ਰੇਂਜ ਵਿਜੇ ਕੁਮਾਰ ਨੇ ਦਾਅਵਾ ਕੀਤਾ ਕਿ ਦੋਵੇਂ ਸੰਗਠਨ ਇਸ ਸਮੇਂ ਪੂਰੀ ਤਰ੍ਹਾਂ ਲੀਡਰਸ਼ਿਪ ਤੋਂ ਬਿਨਾਂ ਹਨ।
ਉਮੀਦ ਹੈ ਕਿ ਅਗਲੇ ਦੋ ਸਾਲਾਂ ’ਚ ਕਸ਼ਮੀਰ ’ਚੋਂ ਸਾਰੇ ਅੱਤਵਾਦੀਆਂ ਦਾ ਸਫਾਇਆ ਹੋ ਜਾਵੇਗਾ। ਵਿਜੇ ਕੁਮਾਰ ਪੁਲਸ ਕੰਟਰੋਲ ਰੂਮ ’ਚ ਮੀਡੀਆ ਕਰਮੀਆਂ ਨੂੰ ਕਿਹਾ ਕਿ ਕਸ਼ਮੀਰ ’ਚ ਮੌਜੂਦਾ ਸਮੇਂ ’ਚ ਸਿਰਫ 81 ਅੱਤਵਾਦੀ ਹਨ। ਇਨ੍ਹਾਂ ’ਚ 52 ਵਿਦੇਸ਼ੀ (ਪਾਕਿਸਤਾਨ) ਅਤੇ 29 ਸਥਾਨਕ ਅੱਤਵਾਦੀ ਹਨ। ਸਾਡਾ ਅਗਲਾ ਟੀਚਾ ਅੱਤਵਾਦੀਆਂ ਦੀ ਗਿਣਤੀ 50 ਤੋਂ ਹੇਠਾਂ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਤੱਕ ਕਸ਼ਮੀਰ ’ਚ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ 80 ਨਾਮੀ ਕਮਾਂਡਰ ਸਨ ਪਰ ਅੱਜ ਦੋ ਤੋਂ ਤਿੰਨ ਹੀ ਬਚੇ ਹਨ। 15 ਤੋਂ 18 ਹਾਈਬ੍ਰਿਡ ਅੱਤਵਾਦੀ ਸਰਗਰਮ ਹਨ। ਦੱਖਣੀ ਕਸ਼ਮੀਰ ’ਚ ਇਸ ਤਰ੍ਹਾਂ ਦੇ ਅੱਤਵਾਦੀ ਜ਼ਿਆਦਾ ਹਨ।