ਦਿੱਲੀ ਦੇ ਵਸੰਤ ਕੁੰਜ 'ਚ ਪਿਛਲੇ 6 ਦਿਨਾਂ ਤੋਂ ਸਪਲਾਈ ਨਹੀਂ ਹੋ ਰਿਹੈ ਪਾਣੀ, ਲੋਕ ਹੋਏ ਪਰੇਸ਼ਾਨ
Tuesday, Nov 15, 2022 - 02:08 PM (IST)
ਨਵੀਂ ਦਿੱਲੀ- ਦਿੱਲੀ ਦੇ ਵਸੰਤ ਕੁੰਜ, ਸੈਕਟਰ ਸੀ-8 ਦੇ ਵਾਸੀਆਂ ਦਾ ਕਹਿਣਾ ਹੈ ਕਿ ਉੱਥੇ ਪਿਛਲੇ 6 ਦਿਨਾਂ ਤੋਂ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁਣ ਪਾਣੀ ਦੇ ਟੈਂਕਰਾਂ 'ਤੇ ਨਿਰਭਰ ਹਨ, ਜੋ ਉਨ੍ਹਾਂ ਨੂੰ ਬਹੁਤ ਕੋਸ਼ਿਸ਼ ਤੋਂ ਬਾਅਦ ਹੀ ਮਿਲਦੇ ਹਨ। ਉਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਦਿੱਲੀ ਜਲ ਬੋਰਡ ਵਲੋਂ ਉਨ੍ਹਾਂ ਦੇ ਫ਼ੋਨ ਅਤੇ ਆਨਲਾਈਨ ਸ਼ਿਕਾਇਤਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਉੱਥੇ ਰਹਿਣ ਵਾਲੇ ਜਿਤੇਨ ਨੇਗੀ ਨੇ ਕਿਹਾ,''ਦਿੱਲੀ ਜਲ ਬੋਰਡ ਨੇ ਪਿਛਲੇ 6 ਦਿਨਾਂ 'ਚ ਪਾਣੀ ਦੀ ਇਕ ਬੂੰਦ ਵੀ ਸਪਲਾਈ ਨਹੀਂ ਕੀਤੀ ਹੈ। ਸਾਡੇ ਤੋਂ ਅੱਧੇ ਪਾਣੀ ਦੇ ਟੈਂਕਰ ਦੀ ਅਪੀਲ ਕਰਨ ਲਈ ਦਿੱਲੀ ਜਲ ਬੋਰਡ ਕੋਲ ਦੌੜਦੇ ਹਨ ਅਤੇ ਬਾਕੀ ਅੱਧੇ ਪਾਣੀ ਦੇ ਟੈਂਕਰ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ ਪਰ ਨਾ ਤਾਂ ਕੋਈ ਮਿਲਣ ਆਇਆ ਅਤੇ ਨਾ ਹੀ ਕੋਈ ਭਰੋਸਾ ਮਿਲਿਆ।
ਨੇਗੀ ਨੇ ਕਿਹਾ,''ਅਸੀਂ ਦਿੱਲੀ ਜਲ ਬੋਰਡ ਦੇ ਸਾਰੇ ਅਧਿਕਾਰੀਆਂ ਨੂੰ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਅਸੀਂ ਆਨਲਾਈਨ ਸ਼ਿਕਾਇਤ ਵੀ ਦਰਜ ਕਰਵਾਈ ਪਰ ਕੋਈ ਫ਼ਾਇਦਾ ਨਹੀਂ ਹੋਇਆ। ਇੱਥੇ ਆਉਣ ਵਾਲੇ ਟੈਂਕਰਾਂ 'ਚ ਪਾਈਪ ਨਹੀਂ ਹੈ। ਕੀ ਸਾਨੂੰ ਪਾਈਪ ਘਰ 'ਚ ਰੱਖਣੀ ਚਾਹੀਦੀ ਹੈ? ਜੇਕਰ ਤੁਸੀਂ ਪ੍ਰਾਈਵੇਟ ਟੈਂਕਰਾਂ ਨੂੰ ਬੁਲਾਉਂਦੇ ਹੋ ਤਾਂ ਉਹ ਜਲਦੀ ਆ ਜਾਂਦੇ ਹਨ ਅਤੇ ਉਨ੍ਹਾਂ ਕੋਲ ਮੋਟਰਾਂ ਹੁੰਦੀਆਂ ਹਨ।''