ਮਹਾਰਾਸ਼ਟਰ ਸਰਕਾਰ ’ਚ ਛਿੜੀ ਲੜਾਈ : ਊਧਵ
Monday, Feb 05, 2024 - 12:26 PM (IST)

ਸਾਵੰਤਵਾੜੀ- ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੇ ਮੁਖੀ ਊਧਵ ਠਾਕਰੇ ਨੇ ਦੋਸ਼ ਲਾਇਆ ਹੈ ਕਿ ਮਹਾਰਾਸ਼ਟਰ ਦੀ ਗਠਜੋੜ ਸਰਕਾਰ ਵਿੱਚ ਗਿਰੋਹਾਂ ਵਿਚਾਲੇ ਲੜਾਈ' ਸ਼ੁਰੂ ਹੋ ਗਈ ਹੈ। ਉਨ੍ਹਾਂ ਐਤਵਾਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਦੂਜੀਆਂ ਪਾਰਟੀਆਂ ਨੂੰ ਤੋੜ ਕੇ ਉਨ੍ਹਾਂ ਦੇ ਆਗੂਆਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰਨ ਕਾਰਨ ‘ਕਮਜ਼ੋਰ’ ਹੋ ਗਈ ਹੈ। ਊਧਵ ਠਾਕਰੇ ਦੇ ਪੁੱਤਰ ਅਤੇ ਸ਼ਿਵ ਸੈਨਾ (ਯੂ. ਬੀ. ਟੀ.) ਦੇ ਆਗੂ ਆਦਿੱਤਿਆ ਠਾਕਰੇ ਨੇ ਵੀ ਦੋਸ਼ ਲਾਇਆ ਕਿ ਮਹਾਰਾਸ਼ਟਰ ਵਿੱਚ ‘ਗਿਰੋਹਾਂ’ ਵਿਚਾਲੇ ਜੰਗ ਦੀ ਅਗਵਾਈ ਮੁੱਖ ਮੰਤਰੀ ਏਕਨਾਥ ਸ਼ਿੰਦੇ ਕਰ ਰਹੇ ਹਨ।
ਊਧਵ ਅਤੇ ਆਦਿਤਿਆ ਠਾਕਰੇ ਨੇ ਇਹ ਟਿੱਪਣੀਆਂ ਅਜਿਹੇ ਸਮੇਂ ਕੀਤੀਆਂ ਹਨ ਜਦੋਂ ਦੋ ਦਿਨ ਪਹਿਲਾਂ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਨੇ ਠਾਣੇ ਜ਼ਿਲੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਸਥਾਨਕ ਸ਼ਿਵ ਸੈਨਾ (ਸ਼ਿੰਦੇ ਧੜਾ) ਦੇ ਆਗੂ ਮਹੇਸ਼ ਗਾਇਕਵਾੜ ਨੂੰ ਗੋਲੀ ਮਾਰ ਦਿੱਤੀ ਸੀ।