ਜੇਕਰ ਰਾਜਨੀਤੀ ਨਹੀਂ ਹੁੰਦੀ ਤਾਂ ਮਜ਼ਦੂਰ ਇਨ੍ਹਾਂ ਬੱਸਾਂ ਵਿਚ ਘਰ ਜਾ ਚੁੱਕੇ ਹੁੰਦੇ : ਪ੍ਰਿਯੰਕਾ
Wednesday, May 20, 2020 - 11:25 PM (IST)
ਲਖਨਊ/ਨੋਇਡਾ/ਨਵੀਂ ਦਿੱਲੀ (ਏਜੰਸੀਆਂ, ਇੰਟ)- ਉੱਤਰ ਪ੍ਰਦੇਸ਼ ਸਰਕਾਰ ਅਤੇ ਯੂ.ਪੀ. ਕਾਂਗਰਸ ਦੇ ਵਿਚਾਲੇ ਬੱਸਾਂ ਨੂੰ ਲੈ ਕੇ ਵਿਵਾਦ ਇੰਨਾ ਵੱਧਿਆ ਕਿ ਮਜ਼ਦੂਰਾਂ ਨੂੰ ਉਨ੍ਹਾਂ ਵਿਚ ਬਿਠਾ ਕੇ ਉਨ੍ਹਾਂ ਦੇ ਪਿੱਤਰੀ ਸੂਬੇ ਲਿਜਾਉਣ ਦੀ ਬਜਾਏ ਖਾਲੀ ਬੱਸਾਂ ਰਾਜਸਥਾਨ-ਯੂ.ਪੀ. ਬਾਰਡਰ 'ਤੇ ਪੂਰੀ ਰਾਤ ਖੜ੍ਹੀਆਂ ਰਹਿਣ ਤੋਂ ਬਾਅਦ ਬੁੱਧਵਾਰ ਨੂੰ ਵਾਪਸ ਪਰਤ ਗਈਆਂ। ਬੁੱਧਵਾਰ ਸ਼ਾਮ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਨ੍ਹਾਂ ਬੱਸਾਂ ਨੂੰ ਇਸਤੇਮਾਲ ਕਰਨਾ ਹੈ ਤਾਂ ਕਰੋ, ਜੇਕਰ ਇਸਤੇਮਾਲ ਨਹੀਂ ਕਰਨਾ ਤਾਂ ਅਸੀਂ ਇਨ੍ਹਾਂ ਨੂੰ ਵਾਪਸ ਭੇਜ ਦੇਵਾਂਗੇ। ਉਵੇਂ ਹੀ ਵਾਪਸ ਭੇਜ ਦਿਆਂਗੇ ਜਿਵੇਂ 3 ਦਿਨ ਪਹਿਲਾਂ ਸੀ.ਐਮ. ਯੋਗੀ ਦੇ ਐਲਾਨ ਤੋਂ ਬਾਅਦ ਇਨ੍ਹਾਂ ਨੂੰ ਇਥੇ ਭੇਜਿਆ ਸੀ। ਪ੍ਰਿਯੰਕਾ ਦੇ ਇਸ ਤੇਵਰ ਤੋਂ ਬਾਅਦ ਬੱਸਾਂ ਬਾਰਡਰ ਰਾਹੀਂ ਵਾਪਸ ਭੇਜ ਦਿੱਤੀਆਂ ਗਈਆਂ।
ਪ੍ਰਿਯੰਕਾ ਨੇ ਕਿਹਾ ਕਿ ਯੂ.ਪੀ. ਸਰਕਾਰ ਦਾ ਰਾਤ ਸਾਢੇ 11 ਵਜੇ ਚਿੱਠੀ ਰਾਹੀਂ ਸਵੇਰੇ 10 ਵਜੇ ਤੱਕ 1000 ਬੱਸਾਂ ਲਖਨਊ ਪਹੁੰਚਾਉਣ ਲਈ ਕਹਿਣਾ, ਦਿੱਲੀ ਤੋਂ ਲਖਨਊ ਤੱਕ ਇਨ੍ਹਾਂ ਬੱਸਾਂ ਦਾ ਖਾਲੀ ਚੱਲਣਾ ਮਕਸਦ ਨੂੰ ਖਤਮ ਕਰਨ ਵਰਗਾ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਰਾਜਨੀਤਕ ਵਿਰੋਧ ਦਾ ਸਿਲਸਿਲਾ ਨਹੀਂ ਚੱਲਦਾ ਤਾਂ ਹੁਣ ਤੱਕ ਹਜ਼ਾਰਾਂ ਮਜ਼ਦੂਰ ਇਨ੍ਹਾਂ ਬੱਸਾਂ ਰਾਹੀਂ ਆਪਣੇ ਘਰ ਜਾ ਚੁੱਕੇ ਹੁੰਦੇ। ਇਹ ਮਜ਼ਦੂਰ ਭਾਰਤ ਦੀ ਰੀੜ ਦੀ ਹੱਡੀ ਹਨ। ਉਨ੍ਹਾਂ ਨੇ ਭਾਰਤ ਨੂੰ ਬਣਾਇਆ ਹੈ। ਸਾਨੂੰ ਸਾਰਿਆਂ ਨੂੰ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਕਾਂਗਰਸ ਪ੍ਰਦੇਸ਼ ਉਪ ਪ੍ਰਧਾਨ 'ਤੇ ਦਰਜ ਹੋਇਆ ਮਾਮਲਾ
ਨੋਇਡਾ ਪੁਲਸ ਨੇ ਲਾਕਡਾਊਨ ਦੀ ਉਲੰਘਣਾ ਦੇ ਦੋਸ਼ 'ਚ ਕਾਂਗਰਸ ਪ੍ਰਦੇਸ਼ ਉਪ ਪ੍ਰਧਾਨ ਪੰਕਜ ਮਾਲਿਕ ਤੇ ਹੋਰ ਨੇਤਾਵਾਂ ਵਿਰੁੱਧ ਸੈਕਟਰ-39 ਦੇ ਥਾਣੇ 'ਚ ਐੱਫ. ਆਈ. ਆਰ. ਦਰਜ ਕੀਤੀ ਹੈ। ਦੋਸ਼ ਹੈ ਕਿ ਕਾਂਗਰਸ ਦੇ ਨੇਤਾ ਦੇਰ ਤੱਕ ਬੱਸਾਂ ਦੇ ਕੋਲ ਇਕੱਠੇ ਰਹੇ।
ਜ਼ਮਾਨਤ ਤੋਂ ਬਾਅਦ ਅਜੈ ਲੱਲੂ ਫਿਰ ਗ੍ਰਿਫਤਾਰ
ਆਗਰਾ- ਉੱਤਰ ਪ੍ਰਦੇਸ਼ ਦੇ ਪ੍ਰਧਾਨ ਅਜੈ ਕੁਮਾਰ ਲੱਲੂ ਨੂੰ ਬੁੱਧਵਾਰ ਸ਼ਾਮ ਸਿਵਲ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਕੋਰਟ ਦੇ ਬਾਹਰ ਆਉਂਦੇ ਹੀ ਪੁਲਸ ਨੇ ਫਿਰ ਗ੍ਰਿ੍ਰਫਤਾਰ ਕਰ ਲਿਆ ਤੇ ਉਸ ਨੂੰ ਆਪਣੇ ਨਾਲ ਲਖਨਊ ਲੈ ਗਏ।