ਉਜੈਨ ''ਚ ਮਹਾਕਾਲ ਲੋਕ ਦੇ ਸੁੰਦਰੀਕਰਨ ਦਾ ਕੰਮ ਜ਼ੋਰਾਂ ''ਤੇ, ਸ਼ਰਧਾਲੂਆਂ ਨੂੰ ਮਿਲਣਗੀਆਂ ਇਹ ਖ਼ਾਸ ਸਹੂਲਤਾਂ
Thursday, May 11, 2023 - 01:57 PM (IST)

ਉਜੈਨ- ਭਾਰਤ ਦੇ ਪ੍ਰਸਿੱਧ 12 ਜਯੋਤਿਰਲਿੰਗਾਂ 'ਚੋਂ ਇਕ ਭਗਵਾਨ ਮਹਾਕਾਲੇਸ਼ਵਰ ਮੰਦਰ 'ਚ ਦੇਸ਼-ਵਿਦੇਸ਼ ਤੋਂ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਮੰਦਰ ਦੇ ਆਲੇ-ਦੁਆਲੇ ਕਰੋੜਾਂ ਰੁਪਏ ਦੀ ਰਾਸ਼ੀ ਨਾਲ ਕੀਤੇ ਜਾ ਰਹੇ ਵਿਸਥਾਰ ਅਤੇ ਸੁੰਦਰੀਕਰਨ ਦਾ ਕੰਮ ਜ਼ੋਰਾਂ 'ਤੇ ਹੈ। ਅਧਿਕਾਰਤ ਸੂਤਰਾਂ ਮੁਤਾਬਕ ਮਹਾਕਾਲ ਮਹਾਲੋਕ ਦਾ ਪਹਿਲਾ ਪੜਾਅ ਪੂਰਾ ਹੋ ਚੁੱਕਾ ਹੈ। ਦੂਜੇ ਪੜਾਅ 'ਚ ਰੁਦਰ ਸਾਗਰ ਦੇ ਸੁੰਦਰੀਕਰਨ ਦਾ ਕੰਮ ਚੱਲ ਰਿਹਾ ਹੈ। ਇਸ 'ਚ ਵੱਡੇ ਰੁਦਰ ਸਾਗਰ ਤਾਲਾਬ ਨੂੰ ਡੀ-ਸਿਲਟਿੰਗ, ਡਰੇਜ਼ਿੰਗ ਅਤੇ ਸਲੱਜ ਹਟਾਉਣ ਦਾ ਕੰਮ ਸ਼ਾਮਲ ਹੈ। ਛੋਟੇ ਰੁਦਰ ਸਾਗਰ ਵਿਚ ਲੈਂਡਸਕੇਪਿੰਗ ਸਮੇਤ ਮਨੋਰੰਜਨ ਖੇਤਰ, ਵੈਦਿਕ ਗਾਰਡਨ, ਧਿਆਨ ਕੁਟੀ ਅਤੇ ਛਾਂਦਾਰ ਆਰਾਮ ਪ੍ਰਬੰਧ ਵੀ ਕੀਤੇ ਜਾ ਰਹੇ ਹਨ।
ਇਸ ਸਭ ਦੇ ਨਾਲ ਅਤਿ-ਆਧੁਨਿਕ ਤਕਨੀਕ ਵਾਲਾ ਆਕਰਸ਼ਕ ਪੈਦਲ ਪੁਲ ਦਾ ਨਿਰਮਾਣ ਵੱਡੇ ਰੁਦਰ ਸਾਗਰ 'ਤੇ ਚਾਰਧਾਮ ਪਾਰਕਿੰਗ ਵਾਲੇ ਪਾਸੇ ਤੋਂ ਮਾਨਸਰੋਵਰ ਦੇ ਵਿਚਕਾਰ ਬਣਾਇਆ ਜਾ ਰਿਹਾ ਹੈ। ਇਸ ਪੁਲ ਦੇ ਬਣਨ ਨਾਲ ਰੁਦਰ ਸਾਗਰ ਦੀ ਸੁੰਦਰਤਾ 'ਚ ਹੋਰ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਰੁਦਰ ਸਾਗਰ 'ਤੇ 25.22 ਕਰੋੜ ਰੁਪਏ ਦੀ ਲਾਗਤ ਨਾਲ 6 ਮੀਟਰ ਚੌੜੇ ਅਤੇ 200 ਮੀਟਰ ਲੰਮੇ ਪੈਦਲ ਪੁਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਪੈਦਲ ਪੁਲ ਤੋਂ ਇਕ ਵਾਰ 'ਚ 500 ਸ਼ਰਧਾਲੂ ਰੁਦਰ ਸਾਗਰ ਦੇ ਲਾਈਟ ਐਂਡ ਸਾਊਂਡ ਸ਼ੋਅ ਦੇਖ ਸਕਣਗੇ। ਇੰਨਾ ਹੀ ਨਹੀਂ ਰੁਦਰ ਸਾਗਰ ਪੁਲ ਦੇ ਪੋਸਟ ਕਾਲਮ ਮਹਾਕਾਲ ਲੋਕ ਦੇ ਥੀਮ 'ਤੇ ਆਧਾਰਿਤ ਬਣਾਏ ਜਾ ਰਹੇ ਹਨ। ਪੈਦਲ ਪੁਲ ਦੀ ਉਸਾਰੀ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ।
ਮਹਾਕਾਲ ਲੋਕ ਦੇ ਆਕਰਸ਼ਨ ਨਾਲ ਜੁੜਿਆ ਹੋਇਆ ਹੈ, ਦੇਸ਼ ਹੀ ਨਹੀਂ ਸਗੋਂ ਦੁਨੀਆ ਦੇ ਕਈ ਸਥਾਨਾਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਭਗਵਾਨ ਮਹਾਕਾਲ ਦੇ ਦਰਸ਼ਨ ਕਰਨ ਅਤੇ ਮਹਾਕਾਲ ਲੋਕ ਨੂੰ ਵੇਖਣ ਕਰਨ ਲਈ ਇੱਥੇ ਪਹੁੰਚ ਰਹੇ ਹਨ। ਮਹਾਕਾਲ ਲੋਕ ਦੀਆਂ ਮੂਰਤੀਆਂ ਅਤੇ ਲੈਂਡਸਕੇਪਿੰਗ ਨੂੰ ਵੇਖਣ ਤੋਂ ਬਾਅਦ ਜਿਵੇਂ ਹੀ ਸ਼ਰਧਾਲੂ ਭਗਵਾਨ ਸ਼੍ਰੀ ਮਹਾਕਾਲੇਸ਼ਵਰ ਦੇ ਦਰਸ਼ਨਾਂ ਲਈ ਅੱਗੇ ਵਧਦੇ ਹਨ ਤਾਂ ਮੰਦਰ ਕਮੇਟੀ ਵੱਲੋਂ ਬਣਾਈ ਗਈ ਮਾਨਸਰੋਵਰ ਇਮਾਰਤ ਉਨ੍ਹਾਂ ਦਾ ਸਵਾਗਤ ਕਰਦੀ ਹੈ। ਲਗਭਗ 70,000 ਵਰਗ ਫੁੱਟ ਵਿਚ ਬਣੀ ਇਹ ਇਮਾਰਤ 4,000 ਵਿਅਕਤੀਆਂ ਦੀ ਸਮਰੱਥਾ ਵਾਲੀ ਲਗਾਤਾਰ ਦਰਸ਼ਕਾਂ ਦੀ ਸੇਵਾ ਵਿਚ ਲੱਗੀ ਹੋਈ ਹੈ।
ਇੱਥੇ ਪੁਰਸ਼ਾਂ ਲਈ 45 ਅਤੇ ਔਰਤਾਂ ਲਈ ਇੰਨੇ ਹੀ ਪਖਾਨੇ ਬਣਾਏ ਗਏ ਹਨ। ਮੰਦਰ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਦਿਨ-ਰਾਤ ਇਨ੍ਹਾਂ ਦੀ ਸਫ਼ਾਈ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ ਇਮਾਰਤ 'ਚ 6 ਹਜ਼ਾਰ ਮੋਬਾਈਲ ਲਾਕਰ, 6 ਹਜ਼ਾਰ ਜੁੱਤੀਆਂ ਅਤੇ ਹੋਰ ਕੀਮਤੀ ਸਾਮਾਨ ਰੱਖਣ ਲਈ 1500 ਲਾਕਰਾਂ ਦੀ ਸਹੂਲਤ ਵੀ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਭਸਮ ਆਰਤੀ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਖੁੱਲ੍ਹੇ 'ਚ ਬੈਠਣਾ ਪੈਂਦਾ ਸੀ ਪਰ ਹੁਣ ਇੱਥੇ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਇਮਾਰਤ ਉਜੈਨ ਵਿਕਾਸ ਅਥਾਰਟੀ ਵੱਲੋਂ ਮੰਦਰ ਕਮੇਟੀ ਵੱਲੋਂ ਮੁਹੱਈਆ ਕਰਵਾਈ ਗਈ 21 ਕਰੋੜ ਰੁਪਏ ਦੀ ਰਾਸ਼ੀ ਨਾਲ ਬਣਾਈ ਗਈ ਹੈ।