ਹੋਲੀ ਤੋਂ ਪਹਿਲਾਂ ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਮੌਸਮ ਵਿਭਾਗ ਦਾ ਤਾਜ਼ਾ ਅਪਡੇਟ
Sunday, Mar 05, 2023 - 03:54 PM (IST)
ਨਵੀਂ ਦਿੱਲੀ- ਦੇਸ਼ ਭਰ ਵਿਚ 7 ਅਤੇ 8 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਵੇਗਾ। ਹੋਲੀ ਤੋਂ ਪਹਿਲਾਂ ਉੱਤਰ ਭਾਰਤ ਦੇ ਮੌਸਮ ਵਿਚ ਵੱਡਾ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। ਭਾਰਤ ਮੌਸਮ ਵਿਭਾਗ (IMD) ਨੇ ਕਈ ਸੂਬਿਆਂ ਵਿਚ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਜਤਾਈ ਹੈ।
ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਗੁਜਰਾਤ 'ਚ 5 ਤੋਂ 8 ਮਾਰਚ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਕ ਦਮ ਤੋਂ ਗਰਮੀ ਦੀ ਸ਼ੁਰੂਆਤ ਮਗਰੋਂ ਭਾਰਤ ਮੌਸਮ ਵਿਭਾਗ ਨੇ ਇਹ ਤਾਜ਼ਾ ਅਪਡੇਟ ਜਾਰੀ ਕੀਤਾ ਹੈ। ਭਾਰਤ ਮੌਸਮ ਵਿਭਾਗ (IMD) ਨੇ ਬੁੱਧਵਾਰ ਤੱਕ ਗਰਜ਼-ਤੂਫਾਨ ਅਤੇ ਗੜੇਮਾਰੀ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਦੱਖਣੀ ਹਰਿਆਣਾ 'ਚ ਅਤੇ ਪੱਛਮੀ ਰਾਜਸਥਾਨ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪੂਰਬੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਗੁਜਰਾਤ, ਮਰਾਠਵਾੜਾ ਅਤੇ ਮੱਧ ਮਹਾਰਾਸ਼ਟਰ ਵਿਚ 8 ਮਾਰਚ ਤੱਕ ਅਜਿਹਾ ਹੀ ਮੌਸਮ ਜਾਰੀ ਰਹਿਣ ਦੀ ਸੰਭਾਵਨਾ ਹੈ।