ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਕਰਨ ਤੋਂ ਰੋਕਿਆ ਤਾਂ ਵਿਦਿਆਰਥੀ ਨੇ ਖੂਹ ''ਚ ਛਾਲ ਮਾਰ ਕੀਤੀ ਖ਼ੁਦਕੁਸ਼ੀ
Wednesday, Aug 21, 2024 - 12:24 AM (IST)

ਉਡੁਪੀ (ਭਾਸ਼ਾ) : ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਹਰਿਆਦਾਕਾ 'ਚ ਇਕ 16 ਸਾਲਾਂ ਦੇ ਪ੍ਰੀ-ਯੂਨੀਵਰਸਿਟੀ ਦੇ ਵਿਦਿਆਰਥੀ ਨੇ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਨੂੰ ਲੈ ਕੇ ਕਥਿਤ ਤੌਰ 'ਤੇ ਮਾਤਾ-ਪਿਤਾ ਵਲੋਂ ਝਿੜਕਣ ਤੋਂ ਬਾਅਦ ਖੂਹ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਮੁਤਾਬਕ ਪ੍ਰਥਮੇਸ਼ (16) ਨਾਂ ਦਾ ਵਿਦਿਆਰਥੀ ਸੋਮਵਾਰ ਤੋਂ ਲਾਪਤਾ ਹੋਣ ਤੋਂ ਬਾਅਦ ਪੁਲਸ ਅਤੇ ਉਸ ਦੇ ਪਰਿਵਾਰ ਵਾਲੇ ਉਸ ਦੀ ਭਾਲ ਕਰ ਰਹੇ ਸਨ ਪਰ ਮੰਗਲਵਾਰ ਨੂੰ ਉਸ ਦੀ ਲਾਸ਼ ਇਕ ਖੂਹ 'ਚੋਂ ਮਿਲੀ। ਪੁਲਸ ਨੇ ਦੱਸਿਆ ਕਿ ਸੋਮਵਾਰ ਸ਼ਾਮ ਜਦੋਂ ਪ੍ਰਥਮੇਸ਼ ਕਾਲਜ ਤੋਂ ਘਰ ਨਹੀਂ ਪਰਤਿਆ ਤਾਂ ਉਸ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਮੰਗਲਵਾਰ ਸਵੇਰੇ ਉਨ੍ਹਾਂ ਨੂੰ ਉਸ ਦਾ ਸਕੂਲ ਬੈਗ ਇਕ ਖੂਹ ਨੇੜੇ ਮਿਲਿਆ ਅਤੇ ਬਾਅਦ ਵਿਚ ਉਸ ਦੀ ਲਾਸ਼ ਉਸੇ ਖੂਹ ਵਿੱਚੋਂ ਮਿਲੀ।
ਪਰਿਵਾਰ ਦੇ ਨਜ਼ਦੀਕੀ ਲੋਕਾਂ ਨੇ ਦੱਸਿਆ ਕਿ ਪ੍ਰਥਮੇਸ਼ ਆਪਣੇ ਫੋਨ ਨੂੰ ਲਾਕ ਰੱਖਦਾ ਸੀ ਅਤੇ ਆਪਣੇ ਮਾਤਾ-ਪਿਤਾ ਵਲੋਂ ਉਸ ਦੇ ਇਸਤੇਮਾਲ 'ਤੇ ਨਜ਼ਰ ਰੱਖਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਦਾ ਸੀ। ਉਸ ਮਾਤਾ-ਪਿਤਾ ਉਸ ਨੂੰ ਪੜ੍ਹਾਈ ਅਤੇ ਜ਼ਰੂਰਤ ਤੋਂ ਜ਼ਿਆਦਾ ਮੋਬਾਈਲ ਫੋਨ ਦੇ ਇਸਤੇਮਾਲ ਨੂੰ ਲੈ ਕੇ ਇਕ ਦਿਨ ਪਹਿਲਾਂ ਹੀ ਝਿੜਕਿਆ ਸੀ। ਹਰਿਆਦਾਕਾ ਪੁਲਸ ਨੇ ਇਸ ਘਟਨਾ ਦੇ ਸਬੰਧ 'ਚ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮੰਗਲਵਾਰ ਨੂੰ ਹੀ ਅੰਤਿਮ ਸੰਸਕਾਰ ਲਈ ਪ੍ਰਥਮੇਸ਼ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8