ਪੰਜਾਬ ਸਮੇਤ 6 ਸੂਬਿਆਂ ’ਚ ਫਿਰ ਵਧਿਆ ਕੋਰੋਨਾ ਦਾ ਖਤਰਾ

Friday, Mar 12, 2021 - 11:03 AM (IST)

ਪੰਜਾਬ ਸਮੇਤ 6 ਸੂਬਿਆਂ ’ਚ ਫਿਰ ਵਧਿਆ ਕੋਰੋਨਾ ਦਾ ਖਤਰਾ

ਨਵੀਂ ਦਿੱਲੀ– ਪੰਜਾਬ, ਮਹਾਰਾਸ਼ਟਰ, ਕੇਰਲ, ਕਰਨਾਟਕ, ਗੁਜਰਾਤ ਤੇ ਤਾਮਿਲਨਾਡੂ ਤੋਂ ਲਗਾਤਾਰ ਕੋਵਿਡ-19 ਦੇ ਜ਼ਿਆਦਾ ਮਾਮਲੇ ਆਉਣ ਕਾਰਣ ਮੁੜ ਇਸ ਦਾ ਖਤਰਾ ਵਧ ਗਿਆ ਹੈ ਅਤੇ ਪਿਛਲੇ 24 ਘੰਟਿਆਂ ਵਿਚ ਦੇਸ਼ ’ਚ ਸਾਹਮਣੇ ਆਏ ਕੁਲ ਮਾਮਲਿਆਂ ਵਿਚ ਇਨ੍ਹਾਂ 6 ਸੂਬਿਆਂ ਦੀ ਹਿੱਸੇਦਾਰੀ 85.91 ਫੀਸਦੀ ਰਹੀ। ਪਿਛਲੇ 24 ਘੰਟਿਆਂ ਵਿਚ ਦੇਸ਼ ’ਚ ਕੋਵਿਡ-19 ਦੇ 22,854 ਮਾਮਲੇ ਸਾਹਮਣੇ ਆਏ। ਨਵੇਂ ਮਾਮਲਿਆਂ ਵਿਚ ਸਭ ਤੋਂ ਵੱਧ 13,659 ਮਾਮਲੇ ਮਹਾਰਾਸ਼ਟਰ ਤੋਂ ਹਨ। ਇਹ ਦੇਸ਼ ਵਿਚ ਕੁਲ ਮਾਮਲਿਆਂ ਦਾ ਲਗਭਗ 60 ਫੀਸਦੀ ਹੈ। ਇਸ ਤੋਂ ਬਾਅਦ ਕੇਰਲ ਵਿਚ 2,475 ਅਤੇ ਪੰਜਾਬ ਵਿਚ 1,393 ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿਚ ਸਭ ਤੋਂ ਵੱਧ 54 ਵਿਅਕਤੀਆਂ ਦੀ ਮੌਤ ਹੋਈ। ਇਸ ਤੋਂ ਬਾਅਦ ਪੰਜਾਬ ਵਿਚ 17 ਅਤੇ ਕੇਰਲ ਵਿਚ 14 ਵਿਅਕਤੀਆਂ ਦੀ ਮੌਤ ਹੋਈ। ਉੱਧਰ ਮਹਾਰਾਸ਼ਟਰ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਨਾਗਪੁਰ ਵਿਚ ਪੂਰਨ ਲਾਕਡਾਊਨ ਲਾ ਦਿੱਤਾ ਗਿਆ ਹੈ। ਸ਼ਹਿਰ ਵਿਚ 15 ਤੋਂ 21 ਮਾਰਚ ਤਕ ਪੂਰਨ ਲਾਕਡਾਊਨ ਰਹੇਗਾ। ਕੋਵਿਡ ਦੇ ਮਾਮਲਿਆਂ ਵਿਚ ਵਾਧੇ ’ਤੇ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਲਾਪ੍ਰਵਾਹੀ ਨਾ ਵਰਤਣ ਦੀ ਸਲਾਹ ਦਿੱਤੀ ਕਿਉਂਕਿ ਮਹਾਮਾਰੀ ਅਜੇ ਖਤਮ ਨਹੀਂ ਹੋਈ। ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀ. ਕੇ. ਪਾਲ ਨੇ ਖਾਸ ਤੌਰ ’ਤੇ ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਚਿੰਤਾਨਜਕ ਦੱਸੀ। ਦਿੱਲੀ ਤੇ ਆਸ-ਪਾਸ ਦੇ ਇਲਾਕੇ ਲਈ ਸਾਵਧਾਨ ਕਰਦਿਆਂ ਪਾਲ ਨੇ ਕਿਹਾ ਕਿ ਕੌਮੀ ਰਾਜਧਾਨੀ ਵਿਚ ਇਨਫੈਕਸ਼ਨ ਦਰ ਵਧ ਰਹੀ ਹੈ ਅਤੇ ਇਹੀ ਹਾਲ ਗੁਰੂਗ੍ਰਾਮ, ਫਰੀਦਾਬਾਦ, ਗੌਤਮ ਬੁੱਧ ਨਗਰ ਤੇ ਗਾਜ਼ੀਆਬਾਦ ਦਾ ਵੀ ਹੈ।

ਮਾਮਲਿਆਂ ਵਿਚ ਵਾਧੇ ਲਈ ਕੀ ਕੋਰੋਨਾ ਦਾ ਬਦਲਿਆ ਹੋਇਆ ਸਰੂਪ ਜ਼ਿੰਮੇਵਾਰ ਹੈ, ਇਹ ਪੁੱਛਣ ’ਤੇ ਆਈ. ਸੀ. ਐੱਮ. ਆਰ. ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਮਾਮਲੇ ਵਧਣ ਪਿੱਛੇ ਇਹ ਕਾਰਣ ਨਹੀਂ ਹੈ। ਇਸ ਵੇਲੇ ਪ੍ਰਭਾਵਿਤਾਂ ਦੇ ਸੰਪਰਕ ਦਾ ਪਤਾ ਲਾਉਣ ’ਚ ਕਮੀ, ਕੋਵਿਡ-19 ਸਬੰਧੀ ਢੁਕਵੇਂ ਤੌਰ-ਤਰੀਕੇ ਨਾ ਅਪਨਾਉਣ, ਭਾਰੀ ਭੀੜ ਆਦਿ ਇਸ ਦੇ ਪ੍ਰਮੁੱਖ ਕਾਰਣ ਹਨ। ਇਸੇ ਦੌਰਾਨ ਦਿੱਲੀ ਵਿਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ 120 ਤੋਂ ਵਧ 2 ਹਜ਼ਾਰ ਤੋਂ ਪਾਰ ਪਹੁੰਚ ਗਏ।


author

Rakesh

Content Editor

Related News