ਸੂਬਿਆਂ ਲਈ ਵਧੇਰੇ ਸ਼ਕਤੀਆਂ ਦੀ ਵਕਾਲਤ ਕਰਨ ’ਤੇ ਅਕਾਲੀ ਦਲ ਦਾ ਫੋਕਸ ਲੋਕਾਂ ਦੀਆਂ ਇੱਛਾਵਾਂ ਨੂੰ ਦਰਸਾਉਂਦੈ : ਸਰਨਾ

Sunday, Mar 24, 2024 - 01:51 PM (IST)

ਸੂਬਿਆਂ ਲਈ ਵਧੇਰੇ ਸ਼ਕਤੀਆਂ ਦੀ ਵਕਾਲਤ ਕਰਨ ’ਤੇ ਅਕਾਲੀ ਦਲ ਦਾ ਫੋਕਸ ਲੋਕਾਂ ਦੀਆਂ ਇੱਛਾਵਾਂ ਨੂੰ ਦਰਸਾਉਂਦੈ : ਸਰਨਾ

ਨਵੀਂ ਦਿੱਲੀ/ਜਲੰਧਰ, (ਰਾਜੂ ਅਰੋੜਾ)- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਮੁੱਖ ਮੁੱਦਿਆਂ, ਨੀਤੀਆਂ ਅਤੇ ਸਿਧਾਂਤਾਂ ਦੀ ਰੂਪਰੇਖਾ ਉਲੀਕੀ ਹੈ, ਜੋ ਪਾਰਟੀ ਦੇ ਸਿਆਸੀ ਨਜ਼ਰੀਏ ਨੂੰ ਆਕਾਰ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਆਪਣੀਆਂ ਮੂਲ ਕਦਰਾਂ-ਕੀਮਤਾਂ ਅਤੇ ਤਰਜੀਹਾਂ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਵੱਲੋਂ ਆਪਣੇ ਮਤੇ ਰਾਹੀਂ ਭੇਜਿਆ ਸੰਦੇਸ਼ ਬਿਲਕੁਲ ਸਪੱਸ਼ਟ ਹੈ ਕਿ ਸਾਡੇ ਸਿਧਾਂਤ ਰਾਜਨੀਤੀ ਤੋਂ ਉਪਰ ਹਨ। ਖਾਲਸਾ ਪੰਥ, ਸਾਰੀਆਂ ਘੱਟ ਗਿਣਤੀਆਂ ਅਤੇ ਹਰ ਪੰਜਾਬੀ ਦੇ ਨੁਮਾਇੰਦੇ ਹੋਣ ਦੇ ਨਾਤੇ ਅਸੀਂ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਅਤੇ ਭਾਈਚਾਰਕ ਸਾਂਝ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਹਾਂ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬਿਆਂ ਲਈ ਵਧੇਰੇ ਸ਼ਕਤੀਆਂ ਅਤੇ ਅਸਲ ਖੁਦਮੁਖਤਿਆਰੀ ਦੀ ਵਕਾਲਤ ਕਰਨ ’ਤੇ ਪਾਰਟੀ ਦਾ ਫੋਕਸ ਲੋਕਾਂ ਦੀਆਂ ਇੱਛਾਵਾਂ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦੀ ਇਹ ਪ੍ਰਤੀਨਿਧਤਾ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਇਨ੍ਹਾਂ ਬੁਨਿਆਦੀ ਮੁੱਦਿਆਂ ’ਤੇ ਲਗਾਤਾਰ ਡਟ ਕੇ ਖੜ੍ਹੀ ਹੈ ਅਤੇ ਅਸੀਂ ਇਸ ਨੂੰ ਜਾਰੀ ਰੱਖਾਂਗੇ।

ਪੰਥਕ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀਆਂ ਭਾਵਨਾਵਾਂ ਨੂੰ ਦੁਹਰਾਉਂਦੇ ਹੋਏ ਆਪਣੀਆਂ ਸ਼ਰਤਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿਚ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪਾਰਟੀ ਦੇ ਅਟੁੱਟ ਸਮਰਥਨ ਨੂੰ ਦੁਹਰਾਇਆ ਅਤੇ ਉਨ੍ਹਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕਾਂ ਦੀ ਵਕਾਲਤ ਕਰਨ ਵਿਚ ਹਮੇਸ਼ਾ ਮੋਹਰੀ ਰਿਹਾ ਹੈ ਅਤੇ ਅਸੀਂ ਉਨ੍ਹਾਂ ਦੇ ਹਿੱਤਾਂ ਦੀ ਵਕਾਲਤ ਕਰਦੇ ਰਹਾਂਗੇ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਲਏ ਗਏ ਫੈਸਲਿਆਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਜ਼ੋਰਦਾਰ ਮੁਹਿੰਮ ਦਾ ਰਾਹ ਪੱਧਰਾ ਕੀਤਾ ਹੈ।


author

Rakesh

Content Editor

Related News