ਸ਼ਖਸ ਨੂੰ ਚੋਰੀ ਦੇ 41 ਮਾਮਲਿਆਂ ’ਚ ਹੋਈ ਸੀ 83 ਸਾਲ ਦੀ ਕੈਦ, ਹਾਈ ਕੋਰਟ ਨੇ ਦਿੱਤੇ ਰਿਹਾਈ ਦੇ ਹੁਕਮ

07/22/2023 11:07:39 AM

ਮਹਾਰਾਸ਼ਟਰ- ਬੰਬੇ ਹਾਈ ਕੋਰਟ ਨੇ ਚੋਰੀ ਦੇ 41 ਮਾਮਲਿਆਂ ’ਚ 83 ਸਾਲ ਤੋਂ ਵੱਧ ਦੀ ਸਜ਼ਾ ਪਾਏ 30 ਸਾਲਾ ਵਿਅਕਤੀ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ ਕਿਉਂਕਿ ਟ੍ਰਾਇਲ ਕੋਰਟ ਨੇ ਉਸ ਦੀਆਂ ਸਜ਼ਾਵਾਂ ਇਕੱਠੀਆਂ ਚਲਾਉਣ ਦਾ ਹੁਕਮ ਨਹੀਂ ਦਿੱਤਾ ਸੀ। ਮੀਡੀਆ ਰਿਪੋਰਟ ਮੁਤਾਬਕ ਜਸਟਿਸ ਰੇਵਤੀ ਮੋਹਿਤੇ-ਡੇਰੇ ਤੇ ਜਸਟਿਸ ਗੌਰੀ ਗੋਡਸੇ ਦੀ ਬੈਂਚ ਨੇ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਬਹੁਤ ਵੱਡੀ ਮਿਆਦ ਲਈ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਇਹ ਨਿਆਂ ਦਾ ਮਜ਼ਾਕ ਹੋਵੇਗਾ।

ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਜ਼ਮੀਨ ਖਿਸਕਣ ਕਾਰਨ ਭਿਆਨਕ ਤਬਾਹੀ, ਮਰਨ ਵਾਲਿਆਂ ਦੀ ਗਿਣਤੀ ਹੋਈ 22

ਜੁਰਮਾਨਾ ਅਦਾ ਨਾ ਕਰਨ ’ਤੇ ਸੀ 93 ਸਾਲ ਦੀ ਸਜ਼ਾ

ਬੈਂਚ ਨੇ ਕਿਹਾ ਕਿ ਜੇ ਪਟੀਸ਼ਨਕਰਤਾ ਨੂੰ ਉਪਰੋਕਤ ਸਾਰੇ ਮਾਮਲਿਆਂ ਵਿਚ ਕੈਦ ਦੀ ਸਜ਼ਾ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਲਗਭਗ 83 ਸਾਲ 3 ਮਹੀਨੇ ਤੇ 5 ਦਿਨ ਦੀ ਕੈਦ ਦੀ ਸਜ਼ਾ ਭੁਗਤਣੀ ਪਵੇਗੀ। ਉਹ ਜੁਰਮਾਨਾ ਦੇਣ ਦੀ ਸਥਿਤੀ ਵਿਚ ਨਹੀਂ ਹੈ, ਇਸ ਲਈ ਜੁਰਮਾਨੇ ਦੀ ਰਕਮ ਦਾ ਭੁਗਤਾਨ ਨਾ ਕਰਨ ’ਤੇ ਉਸ ਨੂੰ ਵਾਧੂ 10 ਸਾਲ 1 ਮਹੀਨਾ ਤੇ 26 ਦਿਨ ਭਾਵ ਕੁਲ 93 ਸਾਲ 5 ਮਹੀਨੇ ਦੀ ਕੈਦ ਭੁਗਤਣੀ ਪਵੇਗੀ। ਇਸ ਨਾਲ ਉਸ ਦੀ ਪੂਰੀ ਜ਼ਿੰਦਗੀ ਸਲਾਖਾਂ ਦੇ ਪਿੱਛੇ ਬੀਤੇਗੀ ਕਿਉਂਕਿ ਉਸ ਦੇ ਜੇਲ ’ਚੋਂ ਬਾਹਰ ਆਉਣ ਦੀ ਵੀ ਕੋਈ ਉਮੀਦ ਨਹੀਂ ਹੋਵੇਗੀ। ਇਹ ਸਜ਼ਾ ਹੱਤਿਆ ਲਈ ਉਮਰ ਕੈਦ ਦੀ ਸਜ਼ਾ ਤੋਂ ਵੀ ਵੱਧ ਹੈ। ਜੇ ਇਸ ਦੀ ਇਜਾਜ਼ਤ ਦਿੱਤੀ ਗਈ ਤਾਂ ਇਹ ਯਕੀਨੀ ਤੌਰ ’ਤੇ ਕਾਨੂੰਨ ਦਾ ਮਜ਼ਾਕ ਹੋਵੇਗਾ।

ਰਿਹਾਈ ’ਤੇ ਕੋਰਟ ਨੇ ਕੀ ਕਿਹਾ?

ਹਾਈ ਕੋਰਟ ਨੇ ਨੋਟ ਕੀਤਾ ਕਿ ਵੱਖ-ਵੱਖ ਅਦਾਲਤਾਂ ਵਲੋਂ ਸਜ਼ਾ ਦੀ ਕਿਸੇ ਵੀ ਹਦਾਇਤ ਤੋਂ ਬਿਨਾਂ ਸਜ਼ਾਵਾਂ ਦਿੱਤੀਆਂ ਗਈਆਂ ਅਤੇ ਸਜ਼ਾਵਾਂ ਨੂੰ ਇਕੋ ਵੇਲੇ ਚਲਾਉਣ ਲਈ ਸੀ. ਆਰ. ਪੀ. ਸੀ. ਦੀ ਧਾਰਾ-427(1) ਤਹਿਤ ਸਮਝ ਦੀ ਵਰਤੋਂ ਨਹੀਂ ਕੀਤੀ ਗਈ। ਕਿਸੇ ਵੀ ਅਦਾਲਤ ਨੇ ਸ਼ੇਖ ਦੀ ਵਿੱਤੀ ਸਥਿਤੀ ਜਾਂ ਇਸ ਤੱਥ ’ਤੇ ਵਿਚਾਰ ਨਹੀਂ ਕੀਤਾ ਕਿ ਕੁਝ ਕਥਿਤ ਅਪਰਾਧਾਂ ਦੌਰਾਨ ਉਹ ਅੱਲੜ੍ਹ ਸੀ। ਅਦਾਲਤ ਨੇ ਕਿਹਾ ਕਿ ਇਸ ਤੋਂ ਇਲਾਵਾ ਦੋਸ਼ੀ ਅਸਲਮ ਸ਼ੇਖ ਨੂੰ ਕਿਸੇ ਵੀ ਮਾਮਲੇ ’ਚ ਕਾਨੂੰਨੀ ਸਹਾਇਤਾ ਦੀ ਪੇਸ਼ਕਸ਼ ਨਹੀਂ ਕੀਤੀ ਗਈ। ਹਾਈ ਕੋਰਟ ਨੇ ਅੱਗੇ ਕਿਹਾ ਕਿ ਜੇ ਸ਼ੇਖ ਦੋਸ਼ੀ ਨਾ ਹੋਣ ਦੀ ਦਲੀਲ ਦੇਵੇ ਤਾਂ ਉਹ ਕੁਝ ਮਾਮਲਿਆਂ ’ਚ ਬਰੀ ਹੋ ਸਕਦਾ ਹੈ।

ਇਹ ਵੀ ਪੜ੍ਹੋ- UK ਜਾਣ ਦੀ ਫਿਰਾਕ 'ਚ ਸੀ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ, ਦਿੱਲੀ ਹਵਾਈ ਅੱਡੇ 'ਤੇ ਰੋਕਿਆ ਗਿਆ

ਦਸੰਬਰ 2014 ਤੋਂ ਹਿਰਾਸਤ ’ਚ ਹੈ ਦੋਸ਼ੀ

ਦੋਸ਼ੀ ਅਸਲਮ ਸ਼ੇਖ ਨੇ ਕਾਨੂੰਨੀ ਸੇਵਾ ਅਥਾਰਟੀ ਦੇ ਮਾਧਿਅਮ ਰਾਹੀਂ ਰਿਟ ਪਟੀਸ਼ਨ ਦਾਖਲ ਕੀਤੀ ਸੀ, ਜਿਸ ਵਿਚ ਇਹ ਹੁਕਮ ਦੇਣ ਦੀ ਮੰਗ ਕੀਤੀ ਗਈ ਕਿ 41 ਮਾਮਲਿਆਂ ’ਚ ਸਜ਼ਾਵਾਂ ਇਕੱਠੀਆਂ ਚੱਲਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਉਸ ਨੇ ਜੁਰਮਾਨੇ ਦੀ ਰਕਮ ਵੱਖ ਕਰਨ ਦੀ ਬੇਨਤੀ ਕੀਤੀ। ਇਨ੍ਹਾਂ ਮਾਮਲਿਆਂ ’ਚ ਵੱਖ-ਵੱਖ ਅਦਾਲਤਾਂ ਵਲੋਂ 1,26,400 ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ। ਵੱਖ-ਵੱਖ ਪੁਲਸ ਥਾਣਿਆਂ ਵਲੋਂ ਵੱਖ-ਵੱਖ ਮਾਮਲਿਆਂ ’ਚ ਚੋਰੀ ਦੇ ਦੋਸ਼ ’ਚ ਗ੍ਰਿਫਤਾਰ ਕੀਤੇ ਜਾਣ ਅਤੇ ਮੁਕੱਦਮਾ ਚਲਾਏ ਜਾਣ ਤੋਂ ਬਾਅਦ ਸ਼ੇਖ 3 ਦਸੰਬਰ 2014 ਤੋਂ ਹਿਰਾਸਤ ’ਚ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News