ਹਿੰਦ ਦੀ ਚਾਦਰ ‘ਸ੍ਰੀ ਗੁਰੂ ਤੇਗ ਬਹਾਦਰ ਜੀ’ ਦੇ ਨਾਂ ’ਤੇ ਰੱਖਿਆ ਗਿਆ ਦਿੱਲੀ ਦੀ ਸੜਕ ਦਾ ਨਾਂ

Monday, Feb 21, 2022 - 07:10 PM (IST)

ਹਿੰਦ ਦੀ ਚਾਦਰ ‘ਸ੍ਰੀ ਗੁਰੂ ਤੇਗ ਬਹਾਦਰ ਜੀ’ ਦੇ ਨਾਂ ’ਤੇ ਰੱਖਿਆ ਗਿਆ ਦਿੱਲੀ ਦੀ ਸੜਕ ਦਾ ਨਾਂ

ਨਵੀਂ ਦਿੱਲੀ : ‘ਹਿੰਦ ਦੀ ਚਾਦਰ’ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਉੱਤਰੀ ਦਿੱਲੀ ਨਗਰ ਨਿਗਮ ਵੱਲੋਂ ਅੱਜ ਮੋਤੀ ਨਗਰ ’ਚ ਸੜਕ ਦਾ ਨਾਂ ‘ਗੁਰੂ ਤੇਗ ਬਹਾਦਰ ਮਾਰਗ’ ਰੱਖਿਆ ਗਿਆ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਭਾਈ ਬੀਬਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਗੁਰੂ ਨਾਨਕ ਪਬਲਿਕ ਸਕੂਲ ਮੋਤੀ ਨਗਰ ਨੂੰ 10 ਬਲਾਕ ਤੋਂ 13 ਬਲਾਕ ਵੱਲ ਜਾਂਦੀ ਸੜਕ ਦਾ ਨਾਮਕਰਨ ਸਥਾਨਕ ਨਗਰ ਕੌਂਸਲਰ ਵਿਪਨ ਮਲਹੋਤਰਾ ਦੇ ਯਤਨਾਂ ਸਦਕਾ ਮੁਕੰਮਲ ਕੀਤਾ ਗਿਆ। ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ’ਚ ਚੱਲ ਰਹੇ ਪ੍ਰੋਗਰਾਮ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਵਿਪਨ ਮਲਹੋਤਰਾ ਦਾ ਧੰਨਵਾਦ ਕੀਤਾ ਗਿਆ। ਉਪਰੰਤ ਨਾਮਕਰਨ ਨੀਂਹ ਪੱਥਰ ਦੀ ਘੁੰਡ ਚੁਕਾਈ ਤੋਂ ਪਹਿਲਾਂ ਹੈੱਡ ਗ੍ਰੰਥੀ ਭਾਈ ਹਿਰਦੇਜੀਤ ਸਿੰਘ ਨੇ ਗੁਰੂ ਚਰਨਾਂ ’ਚ ਅਰਦਾਸ ਕੀਤੀ, ਅਰਦਾਸ ਦੇ ਅੰਤ ’ਚ ਸੰਗਤਾਂ ਨੇ ‘ਬੋਲੇ ​​ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਲਾਏ।

ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਾਜਾ ਸਿੰਘ ਅਤੇ ਜਨਰਲ ਸਕੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਮੋਤੀ ਨਗਰ ਦੀਆਂ ਸੰਗਤਾਂ ਵੱਲੋਂ ਨਜ਼ਫਗੜ੍ਹ ਰੋਡ ਤੋਂ ਫਨ ਸਿਨੇਮਾ ਵੱਲੋਂ ਮੋਤੀ ਨਗਰ ਨੂੰ ਆਉਣ ਵਾਲੇ ਪ੍ਰਵੇਸ਼ ਦੁਆਰ ਦਾ ਨਾਂ ‘ਗੁਰੂ ਗੋਬਿੰਦ ਸਿੰਘ ਦੁਆਰ’ ਰੱਖਣ ਦੀ ਮੰਗ ਗੁਰੂ ਸਾਹਿਬ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸਮੇਂ ਤੋਂ ਕੀਤੀ ਜਾ ਰਹੀ ਹੈ, ਜੋ ਕਿ ਅਜੇ ਵੀ ਪੈਂਡਿੰਗ ਹੈ। ਇਸ ਲਈ ਇਸ ਮੰਗ ਨੂੰ ਜਲਦ ਪੂਰਾ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਸ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਇਸ ਮੌਕੇ ਆਏ ਸਾਰੇ ਮਹਿਮਾਨਾਂ ਤੇ ਸੰਗਤ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਸੁਭਾਸ਼ ਸਚਦੇਵਾ, ਸਾਬਕਾ ਨਿਗਮ ਕੌਂਸਲਰ ਭਾਰਤ ਭੂਸ਼ਣ ਮਦਾਨ ਨੇ ਗੁਰਦੁਆਰਾ ਸਾਹਿਬ ’ਚ ਮਾਮੂਲੀ ਫੀਸ ਦੇ ਬਦਲੇ ਚੱਲ ਰਹੀਆਂ ਸਿਹਤ ਸਹੂਲਤਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਮਲਕਿੰਦਰ ਸਿੰਘ, ਭਾਈ ਬੀਬਾ ਸਿੰਘ ਖ਼ਾਲਸਾ ਸਕੂਲ ਦੇ ਚੇਅਰਮੈਨ ਜਤਿੰਦਰ ਸਿੰਘ ਸਾਹਨੀ, ਮੈਨੇਜਰ ਡਾ. ਪਰਮਿੰਦਰ ਪਾਲ ਸਿੰਘ, ਗੁਰੂ ਨਾਨਕ ਪਬਲਿਕ ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ, ਗੁਰਦੁਆਰਾ ਬੀ ਬਲਾਕ ਸੁਦਰਸ਼ਨ ਪਾਰਕ ਦੇ ਪ੍ਰਧਾਨ ਮਹਿੰਦਰ ਸਿੰਘ, ਗੁਰਦੁਆਰਾ ਐੱਫ਼. ਬਲਾਕ ਸੁਦਰਸ਼ਨ ਪਾਰਕ ਦੇ ਪ੍ਰਧਾਨ ਇਕਬਾਲ ਸਿੰਘ, ਗੁਰਦੁਆਰਾ ਸਤ ਭਾਈ ਗੋਲਾ ਜੀ ਦੇ ਮੁਖੀ ਅਮਰਜੀਤ ਸਿੰਘ ਅਤੇ ਗੁਰਦੁਆਰਾ ਮੋਤੀ ਨਗਰ ਤੋਂ ਸਤਨਾਮ ਸਿੰਘ, ਜਸਪਾਲ ਸਿੰਘ ਅਤੇ ਨਰਿੰਦਰ ਸਿੰਘ ਹਾਜ਼ਰ ਸਨ।
 


author

Manoj

Content Editor

Related News