ਇੰਦਰਾਣੀ ਮੁਖਰਜੀ ’ਤੇ ਬਣੀ ਡਾਕੂਮੈਂਟਰੀ ਦੇ ਪ੍ਰਸਾਰਣ ’ਤੇ ਨਹੀਂ ਲਗਾ ਸਕਦੇ ਰੋਕ, ਵਿਸ਼ੇਸ਼ ਅਦਾਲਤ ਨੇ ਰੱਦ ਕੀਤੀ CBI ਦੀ ਪਟੀਸ਼ਨ

Tuesday, Feb 20, 2024 - 08:03 PM (IST)

ਇੰਦਰਾਣੀ ਮੁਖਰਜੀ ’ਤੇ ਬਣੀ ਡਾਕੂਮੈਂਟਰੀ ਦੇ ਪ੍ਰਸਾਰਣ ’ਤੇ ਨਹੀਂ ਲਗਾ ਸਕਦੇ ਰੋਕ, ਵਿਸ਼ੇਸ਼ ਅਦਾਲਤ ਨੇ ਰੱਦ ਕੀਤੀ CBI ਦੀ ਪਟੀਸ਼ਨ

ਮੁੰਬਈ, (ਭਾਸ਼ਾ)- ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ, ਜਿਸ ’ਚ ਸ਼ੀਨਾ ਬੋਰਾ ਕਤਲ ਕਾਂਡ ਦੀ ਮੁੱਖ ਮੁਲਜ਼ਮ ਇੰਦਰਾਣੀ ਮੁਖਰਜੀ ’ਤੇ ਬਣੀ ਇਕ ਡਾਕੂਮੈਂਟਰੀ ਸੀਰੀਜ਼ ਦੇ ਪ੍ਰਸਾਰਣ ’ਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ ਗਈ ਸੀ।

ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਐੱਸ. ਪੀ. ਨਾਇਕ ਨਿੰਬਾਲਕਰ ਨੇ ਕਿਹਾ ਕਿ ਅਦਾਲਤ ਕੋਲ ਪ੍ਰਸਾਰਣ ਰੋਕਣ ਦੀ ‘ਸ਼ਕਤੀ’ ਨਹੀਂ ਹੈ, ਅਤੇ ਉਨ੍ਹਾਂ ਨੇ ਜਾਂਚ ਏਜੰਸੀ ਨੂੰ ਕਿਹਾ ਕਿ ਉਹ ਉਚਿਤ ਮੰਚ ’ਤੇ ਸੰਪਰਕ ਕਰਨ।

ਜੱਜ ਨੇ ਦੇਖਿਆ ਕਿ ਇਸਤਗਾਸਾ ਪੱਖ ਨੇ ਅਜਿਹੀਆਂ ਹਦਾਇਤਾਂ ਲਈ ਕੋਈ ਕਾਨੂੰਨੀ ਵਿਵਸਥਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਲਿਆਂਦੀ। ‘ਦਿ ਇੰਦਰਾਣੀ ਮੁਖਰਜੀ ਸਟੋਰੀ : ਦਿ ਬਰੀਡ ਟਰੁੱਥ’ ਸਿਰਲੇਖ ਵਾਲੀ ਡਾਕੂਮੈਂਟਰੀ ਸੀਰੀਜ਼ 25 ਸਾਲਾ ਬੋਰਾ ਦੇ ਲਾਪਤਾ ਹੋਣ ਦੀ ਕਹਾਣੀ ਦੱਸਦੀ ਹੈ ਅਤੇ ਇਸ ਦਾ ਪ੍ਰੀਮੀਅਰ 23 ਫਰਵਰੀ ਨੂੰ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਨੈੱਟਫਲਿਕਸ ’ਤੇ ਹੋਵੇਗਾ।


author

Rakesh

Content Editor

Related News