ਇੰਦੌਰ ਤੇ ਬੜੌਦਾ ਦੇ ਮਹਾਰਾਜਿਆਂ ਦੀ ਸ਼ਾਨ ਵਧਾਉਣ ਵਾਲੇ ਹੀਰੇ ਦੀ ਪਹਿਲੀ ਵਾਰ ਹੋਵੇਗੀ ਨਿਲਾਮੀ

Tuesday, Apr 15, 2025 - 05:09 AM (IST)

ਇੰਦੌਰ ਤੇ ਬੜੌਦਾ ਦੇ ਮਹਾਰਾਜਿਆਂ ਦੀ ਸ਼ਾਨ ਵਧਾਉਣ ਵਾਲੇ ਹੀਰੇ ਦੀ ਪਹਿਲੀ ਵਾਰ ਹੋਵੇਗੀ ਨਿਲਾਮੀ

ਨਵੀਂ ਦਿੱਲੀ (ਭਾਸ਼ਾ) - ਭਾਰਤ ਦੀ ਸ਼ਾਹੀ ਵਿਰਾਸਤ ਦੇ ਦੁਰਲੱਭ ਹੀਰੇ ‘ਦਿ ਗੋਲਕੋਂਡਾ ਬਲਿਊ’ ਦੀ ਨਿਲਾਮੀ ਪਹਿਲੀ ਵਾਰ 14 ਮਈ ਨੂੰ ਜੇਨੇਵਾ ’ਚ ਕ੍ਰਿਸਟੀਜ਼ ‘ਮੈਗਨੀਫਿਸੈਂਟ ਜਿਊਲਜ਼’ ਵਿਖੇ ਕੀਤੀ ਜਾਵੇਗੀ। ‘ਦ ਗੋਲਕੋਂਡਾ ਬਲੂ’ ਕਿਸੇ ਸਮੇਂ ਇੰਦੌਰ ਤੇ ਬੜੌਦਾ ਦੇ ਮਹਾਰਾਜਿਆਂ ਦੀ ਮਲਕੀਅਤ ਸੀ। ਇਸ 23.24 ਕੈਰੇਟ ਦੇ ਚਮਕਦੇ ਨੀਲੇ ਹੀਰੇ ਦੀ ਅਨੁਮਾਨਤ ਕੀਮਤ 300 ਤੋਂ 430 ਕਰੋੜ ਰੁਪਏ  ਦਰਮਿਆਨ ਦੱਸੀ ਜਾ ਰਹੀ ਹੈ।

ਇਸ ਇਤਿਹਾਸਕ ਹੀਰੇ ਨੂੰ ਪੈਰਿਸ ਦੇ ਮਸ਼ਹੂਰ ਡਿਜ਼ਾਈਨਰ ਜੇ. ਏ. ਆਰ. ਵੱਲੋਂ ਇਕ ਦਿਲਖਿਚਵੀਂ ਆਧੁਨਿਕ ਮੁੰਦਰੀ ’ਚ ਸੈੱਟ ਕੀਤਾ ਗਿਆ ਹੈ। ਕ੍ਰਿਸਟੀਜ਼ ਨੂੰ ਆਪਣੇ 259 ਸਾਲਾਂ ਦੇ ਇਤਿਹਾਸ ਦੌਰਾਨ ਦੁਨੀਆ ਦੇ ਕੁਝ ਸਭ ਤੋਂ ਵਿਲੱਖਣ ਆਰਕਡਿਊਕ ਜੋਸਫ਼, ਪ੍ਰਿੰਸੀ ਤੇ ਵਿਟਲਸਬਾਖ  ਸਮੇਤ ਗੋਲਕੋਂਡਾ ਹੀਰੇ ਪੇਸ਼ ਕਰਨ ਦਾ ਮਾਨ  ਹਾਸਲ ਹੈ। ਗੋਲਕੋਂਡਾ ਬਲਿਊ ਮੌਜੂਦਾ ਤੇਲੰਗਾਨਾ ’ਚ ਮਸ਼ਹੂਰ ਗੋਲਕੋਂਡਾ ਖਾਨਾਂ ਤੋਂ ਨਿਕਲਦਾ ਹੁੰਦਾ ਹੈ, ਜੋ ਦੁਨੀਆ ਦੇ ਸਭ ਤੋਂ ਵੱਧ ਮਨਭਾਉਂਦੇ ਹੀਰਿਆਂ ਦੇ ਉਤਪਾਦਨ ਲਈ ਪ੍ਰਸਿੱਧ  ਹਨ।

ਦੁਨੀਆ ਦੇ ਸਭ ਤੋਂ ਦੁਰਲੱਭ ਹੀਰਿਆਂ ’ਚੋਂ ਇਕ 
ਕ੍ਰਿਸਟੀਜ਼ ਦੇ ਜਿਊਲਰੀ ਵਿਭਾਗ ਦੇ ਅੰਤਰਰਾਸ਼ਟਰੀ ਮੁਖੀ ਰਾਹੁਲ ਕਡਾਕੀਆ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਪੱਧਰ ਦੇ ਅਸਾਧਾਰਨ ਅਤੇ ਸ਼ਾਹੀ ਰਤਨ ਜ਼ਿੰਦਗੀ ਭਰ ਵਿਚ ਸਿਰਫ ਇਕ ਵਾਰ ਹੀ ਬਾਜ਼ਾਰ ਵਿਚ ਆਉਂਦੇ ਹਨ। ਆਪਣੀ ਸ਼ਾਹੀ ਵਿਰਾਸਤ, ਅਸਾਧਾਰਨ ਰੰਗ ਅਤੇ  ਆਕਾਰ ਦੇ ਨਾਲ ‘ਦਿ ਗੋਲਕੌਂਡਾ ਬਲਿਊ’ ਸੱਚਮੁੱਚ ਦੁਨੀਆ ਦੇ ਸਭ ਤੋਂ ਦੁਰਲੱਭ ਨੀਲੇ ਹੀਰਿਆਂ ਵਿਚੋਂ ਇਕ ਹੈ। ਇਸ ਦਾ ਮਤਲਬ ਹੈ ਕਿ ਅਜਿਹਾ ਹੀਰਾ ਲੱਭਣਾ ਬਹੁਤ  ਔਖਾ ਹੈ।


author

Inder Prajapati

Content Editor

Related News