ਡੇਢ ਸਾਲ ਦੀ ਬੀਮਾਰ ਬੱਚੀ ਨੂੰ ਰੌਣ ਕਾਰਨ ਪਿਤਾ ਨੇ ਨਾਲੇ ''ਚ ਸੁੱਟਿਆ

09/23/2017 1:52:18 PM

ਨਵੀਂ ਦਿੱਲੀ — ਇਕ ਪਿਤਾ ਨੇ ਆਪਣੀ ਡੇਢ ਸਾਲਾ ਬੱਚੀ ਨੂੰ ਇਸ ਲਈ ਕਥਿਤ ਤੌਰ 'ਤੇ ਨਾਲੇ ਵਿਚ ਸੁੱਟ ਦਿੱਤਾ ਕਿਉਂਕਿ ਉਹ ਬੀਮਾਰ ਸੀ ਤੇ ਬਹੁਤ ਜ਼ਿਆਦਾ ਰੋਂਦੀ ਸੀ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਬੱਚੀ ਦੀ ਲਾਸ਼ ਅੱਜ ਨਾਲੇ 'ਚੋਂ ਬਰਾਮਦ ਕੀਤੀ ਗਈ। ਲਾਸ਼ ਮਿਲਣ ਦੇ ਲੱਗਭਗ 56 ਘੰਟੇ ਪਹਿਲਾਂ ਪਿਤਾ ਨੇ ਬੱਚੀ ਨੂੰ ਜਾਮੀਆ ਨਗਰ ਵਿਚ ਇਕ ਨਾਲੇ ਵਿਚ ਸੁੱਟ ਦਿੱਤਾ ਸੀ। ਮੁਲਜ਼ਮ ਨੇ ਦਾਅਵਾ ਕੀਤਾ ਕਿ ਉਹ ਇਸ ਘਟਨਾ ਨੂੰ ਅੰਜਾਮ ਦਿੰਦੇ ਸਮੇਂ ਨਸ਼ੇ ਵਿਚ ਸੀ। 
ਮੋਫਿਦਾ ਬੇਗਮ (32) ਨੇ 19 ਸਤੰਬਰ ਦੀ ਅੱਧੀ ਰਾਤ ਨੂੰ ਨੇੜਲੇ ਪੁਲਸ ਥਾਣੇ ਵਿਚ ਸੂਚਨਾ ਦਿੱਤੀ ਕਿ ਉਸਦੇ ਪਤੀ ਰਾਸ਼ਿਦ ਜਮਾਲ  (40) ਨੇ ਉਸ ਦੀ ਧੀ ਨੂੰ ਅਗਵਾ ਕਰ ਲਿਆ ਹੈ ਅਤੇ ਕਿਸੇ ਸੁੰਨਸਾਨ ਥਾਂ 'ਤੇ ਲੈ ਗਿਆ ਹੈ। ਔਰਤ ਨੇ ਪੁਲਸ ਨੂੰ ਦੱਸਿਆ ਕਿ ਪਤੀ ਨੇ 3 ਬੱਚਿਆਂ ਸਾਹਮਣੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਪਤਨੀ ਦੀ ਕੁੱਟਮਾਰ ਦੇ ਬਾਅਦ ਉਸਨੇ ਦੋ ਪੁੱਤਰਾਂ ਨਾਲ ਵੀ ਕੁੱਟਮਾਰ ਕੀਤੀ ਪਰ ਉਹ ਉਥੋਂ ਦੌੜ ਗਿਆ। ਪੁਲਸ ਨੇ ਕਿਹਾ ਕਿ ਜਿਸ ਦਿਨ ਜਮਾਲ ਪਤਨੀ ਨਾਲ ਕੁੱਟਮਾਰ ਕਰ ਰਿਹਾ ਸੀ, ਉਸ ਦਿਨ ਡੇਢ ਸਾਲ ਦੀ ਧੀ ਬੀਮਾਰ ਸੀ ਅਤੇ ਰੋ ਰਹੀ ਸੀ। ਬੱਚੀ ਨਵ-ਜਨਮੀ ਹੋਣ ਕਾਰਨ ਅਕਸਰ ਬੀਮਾਰ ਰਹਿੰਦੀ ਸੀ। ਸ਼ਰਾਬ ਦੇ ਨਸ਼ੇ ਵਿਚ ਜਮਾਲ ਬੱਚੀ ਦੀ ਰੋਣ ਦੀ ਆਵਾਜ਼ ਤੋਂ ਗੁੱਸੇ ਹੋ ਗਿਆ। ਉਸਨੇ ਬੱਚੀ ਨੂੰ ਚੁੱਕਿਆ ਅਤੇ ਕਈ ਵਾਰ ਜ਼ਮੀਨ 'ਤੇ ਸੁੱਟਿਆ। ਪਤਨੀ ਨੇ ਉਸਨੂੰ ਅਜਿਹਾ ਨਾ ਕਰਨ ਲਈ ਤਰਲੇ-ਮਿੰਨਤਾਂ ਕੀਤੀਆਂ ਪਰ ਉਸਨੇ ਇਕ ਨਾ ਮੰਨੀ। ਫਿਰ ਉਹ ਗੁਆਂਢੀਆਂ ਦੀ ਮਦਦ ਨਾਲ ਭੱਜੀ ਅਤੇ ਇਸ ਦਰਮਿਆਨ ਜਮਾਲ ਬੱਚੀ ਨੂੰ ਲੈ ਕੇ ਫਰਾਰ ਹੋ ਗਿਆ। ਮੋਫਿਦਾ ਦੀ ਸੂਚਨਾ 'ਤੇ ਪੁਲਸ ਨੇ ਬੱਚੀ ਦੀ ਖੋਜ ਸ਼ੁਰੂ ਕੀਤੀ। ਕੁਝ ਘੰਟਿਆਂ ਬਾਅਦ ਮੁਲਜ਼ਮ ਮਿਲਿਆ ਅਤੇ ਉਸਨੇ ਦੱਸਿਆ ਕਿ ਉਸਨੇ ਇਕ ਨਾਲੇ ਵਿਚ ਬੱਚੀ ਨੂੰ ਸੁੱਟ ਦਿੱਤਾ ਸੀ। ਪੁਲਸ ਮੁਤਾਬਿਕ ਬੱਚੀ ਦੇ ਅਗਵਾ ਦੇ ਮਾਮਲੇ ਵਿਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦਰਮਿਆਨ ਪੁਲਸ ਨੇ ਫਾਇਰ ਬ੍ਰਿਗੇਡ ਵਿਭਾਗ ਅਤੇ ਐੱਨ. ਡੀ. ਆਰ. ਐੱਫ. ਦੀ ਮਦਦ ਮੰਗੀ ਅਤੇ ਬੱਚੀ ਦੀ ਲਾਸ਼ ਨਾਲੇ ਵਿਚੋਂ ਬਰਾਮਦ ਕੀਤੀ।


Related News