ਕਿਸਾਨਾਂ ਤੇ ਕਾਰੋਬਾਰੀਆਂ ਨੂੰ ਗਾਲ੍ਹਾਂ ਕੱਢਣ ਨਾਲ ਦੇਸ਼ ਤਰੱਕੀ ਨਹੀਂ ਕਰਦਾ : PM ਮੋਦੀ

Thursday, Nov 19, 2026 - 06:46 PM (IST)

ਕਿਸਾਨਾਂ ਤੇ ਕਾਰੋਬਾਰੀਆਂ ਨੂੰ ਗਾਲ੍ਹਾਂ ਕੱਢਣ ਨਾਲ ਦੇਸ਼ ਤਰੱਕੀ ਨਹੀਂ ਕਰਦਾ : PM ਮੋਦੀ

ਨਵੀਂ ਦਿੱਲੀ,  (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਕਿਸਾਨਾਂ ਤੇ ਕਾਰੋਬਾਰੀਆਂ ਨੂੰ ਗਾਲ੍ਹਾਂ ਕੱਢਣ ਨਾਲ ਦੇਸ਼ ਅੱਗੇ ਨਹੀਂ ਵਧਦਾ। ਉਨ੍ਹਾਂ ਕਿਹਾ ਕਿ ਪਿਛਲੇ 12 ਸਾਲਾਂ ’ਚ ਭਾਰਤ ਦੀ ਅਰਥਵਿਵਸਥਾ ਬਦਲੀ ਹੈ ਤੇ 50 ਕਰੋੜ ਲੋਕ ਗਰੀਬੀ ’ਚੋਂ ਬਾਹਰ ਨਿਕਲੇ ਹਨ। ਪ੍ਰਧਾਨ ਮੰਤਰੀ ਦਾ ਇਹ ਬਿਆਨ ਰਾਹੁਲ ਗਾਂਧੀ ਦੇ ਦੋਸ਼ਾਂ ਤੋਂ ਇਕ ਦਿਨ ਬਾਅਦ ਆਇਆ ਹੈ। ਰਾਹੁਲ ਨੇ ਬੁੱਧਵਾਰ ਨੂੰ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ’ਚ ਕਿਹਾ ਸੀ ਕਿ ਭਾਰਤ ਆਰਥਿਕ ਸੰਕਟ ਵੱਲ ਵਧ ਰਿਹਾ ਹੈ। ਇਸ ਦੇ ਪਿੱਛੇ ਵੱਡੇ ਪੱਧਰ ’ਤੇ ਬੇਰੋਜ਼ਗਾਰੀ ਅਤੇ ਸਿੱਖਿਆ ਪ੍ਰਣਾਲੀ ਨਾਲ ਜੁੜੀਆਂ ਖਾਮੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 1970 ਦੇ ਦਹਾਕੇ ’ਚ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਗਿਆ ਸੀ, ਉਦੋਂ ਭਾਰਤ ਦੀ ਆਬਾਦੀ ਲੱਗਭਗ 50 ਕਰੋੜ ਸੀ। ਪਰ ਪਿਛਲੇ 12-13 ਸਾਲਾਂ ’ਚ ਅਰਥਵਿਵਸਥਾ ਬਦਲੀ ਹੈ। ਅੱਜ 50 ਕਰੋੜ ਭਾਰਤੀ ਗਰੀਬੀ ’ਚੋਂ ਬਾਹਰ ਨਿਕਲੇ ਹਨ। ਉਨ੍ਹਾਂ ਕਿਹਾ ਕਿ ਕੁਝ ਕੰਪਨੀਆਂ ਵਿਦੇਸ਼ਾਂ ਲਈ ਬਿਹਤਰ ਅਤੇ ਭਾਰਤ ਲਈ ਘੱਟ ਗੁਣਵੱਤਾ ਵਾਲੇ ਉਤਪਾਦ ਬਣਾਉਂਦੀਆਂ ਹਨ। ਇਸ ਸੋਚ ਨੂੰ ਬਦਲਣਾ ਹੋਵੇਗਾ। ਭਾਰਤੀ ਖਪਤਕਾਰ ਵੀ ਚੰਗੀ ਗੁਣਵੱਤਾ ਵਾਲੀਆਂ ਵਸਤਾਂ ਦੇ ਹੱਕਦਾਰ ਹਨ।

ਕੰਪਨੀਆਂ ਨੂੰ ਅਜਿਹੇ ਉਤਪਾਦ ਬਣਾਉਣੇ ਚਾਹੀਦੇ ਹਨ, ਜੋ ਗਾਹਕਾਂ ਦੀਆਂ ਲੋੜਾਂ ਮੁਤਾਬਕ ਹੋਣ
ਪ੍ਰਧਾਨ ਮੰਤਰੀ ਨੇ ਕਾਰੋਬਾਰੀਆਂ ਨੂੰ ਘਰੇਲੂ ਬਾਜ਼ਾਰ ਤੱਕ ਸੀਮਤ ਨਾ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੰਪਨੀਆਂ ਨੂੰ ਦੂਜੇ ਦੇਸ਼ਾਂ ਦੀਆਂ ਲੋੜਾਂ ਅਤੇ ਗਾਹਕਾਂ ਦੀ ਪਸੰਦ ਸਮਝ ਕੇ ਉਤਪਾਦ ਤਿਆਰ ਕਰਨੇ ਚਾਹੀਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ ‘ਰਿਫਾਰਮ ਐਕਸਪ੍ਰੈੱਸ’ ਰਾਹੀਂ ਲਗਾਤਾਰ ਸੁਧਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰੀ ਬਿਨਾਂ ਕਿਸੇ ਝਿਜਕ ਦੇ ਆਪਣੀਆਂ ਸਮੱਸਿਆਵਾਂ ਅਤੇ ਸੁਧਾਰਾਂ ਨਾਲ ਜੁੜੇ ਸੁਝਾਅ ਦੇਣ, ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਕੰਪਨੀਆਂ ਨੂੰ ਅਜਿਹੇ ਉਤਪਾਦ ਬਣਾਉਣੇ ਚਾਹੀਦੇ ਹਨ, ਜੋ ਗਾਹਕਾਂ ਦੀਆਂ ਲੋੜਾਂ ਮੁਤਾਬਕ ਹੋਣ ਅਤੇ ਵਰਤੋਂ ’ਚ ਆਸਾਨ ਹੋਣ। ਇਸ ਲਈ ਬਿਹਤਰ ਖੋਜ ਅਤੇ ਨਵੀਂ ਟੈਕਨਾਲੋਜੀ ਅਪਣਾਉਣੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਟੀਚੇ ਨੂੰ ਸਿਰਫ਼ ਨਾਅਰਾ ਨਹੀਂ, ਸਗੋਂ ਸੰਕਲਪ ਦੱਸਿਆ। ਉਨ੍ਹਾਂ ਕਿਹਾ ਕਿ ਸਾਨੂੰ 100 ਸਾਲ ਉਡੀਕਣ ਦੀ ਬਜਾਏ ਇਹ ਸੋਚਣਾ ਚਾਹੀਦਾ ਹੈ ਕਿ ਅਗਲੇ 10 ਸਾਲਾਂ ’ਚ ਦੇਸ਼ ਦੇ ਵਿਕਾਸ ਲਈ ਕੀ ਯੋਗਦਾਨ ਪਾ ਸਕਦੇ ਹਾਂ।

ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧ ਵੀਡੀਓ ਗੇਮ ‘ਗ੍ਰੈਂਡ ਥੈਫਟ ਆਟੋ’ (ਜੀ. ਟੀ. ਏ.) ਦੀ ਉਦਾਹਰਣ ਦਿੰਦੇ ਹੋਏ ਪਿਛਲੇ 12 ਸਾਲਾਂ ’ਚ ਭਾਰਤ ਦੀ ਵਿਕਾਸ ਯਾਤਰਾ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਦੌਰਾਨ ਭਾਰਤ ‘ਕਮਜ਼ੋਰ ਪੰਜ’ ਅਰਥਵਿਵਸਥਾਵਾਂ ਦੀ ਸ਼੍ਰੇਣੀ ’ਚੋਂ ਨਿਕਲ ਕੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣ ਗਿਆ ਹੈ। ਉੱਥੇ ਹੀ ਦੇਸ਼ ਦੀ ਸੂਰਜੀ ਊਰਜਾ ਸਮਰੱਥਾ 2.82 ਗੀਗਾਵਾਟ ਤੋਂ ਵਧ ਕੇ 175 ਗੀਗਾਵਾਟ ਹੋ ਗਈ ਹੈ ਅਤੇ ਰੇਲਵੇ ਦਾ ਬਿਜਲੀਕਰਨ 20 ਫੀਸਦੀ ਤੋਂ ਵਧ ਕੇ 99.6 ਫੀਸਦੀ ਹੋ ਗਿਆ ਹੈ।
ਨੌਜਵਾਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹੋਏ ਮੋਦੀ ਨੇ ਪ੍ਰਸਿੱਧ ਵੀਡੀਓ ਗੇਮ ਦੇ 2 ਐਡੀਸ਼ਨਾਂ- 2013-14 ’ਚ ਜਾਰੀ ‘ਜੀ. ਟੀ. ਏ.-5’ ਅਤੇ ਵੀਰਵਾਰ ਨੂੰ ਜਾਰੀ ‘ਜੀ. ਟੀ. ਏ.-6’- ਵਿਚਾਲੇ ਤੁਲਨਾ ਕਰਦੇ ਹੋਏ ਵਿਕਾਸ ਦੇ ਵੱਖ-ਵੱਖ ਮਾਪਦੰਡਾਂ ’ਚ ਆਏ ਬਦਲਾਅ ਦਾ ਜ਼ਿਕਰ ਕੀਤਾ। ਗ੍ਰੈਂਡ ਥੈਫਟ ਆਟੋ (ਜੀ. ਟੀ. ਏ.) ਇਕ ਪ੍ਰਸਿੱਧ ਵੀਡੀਓ ਗੇਮ ਲੜੀ ਹੈ। ਇਸ ਦੇ 5ਵੇਂ ਅਤੇ 6ਵੇਂ ਐਡੀਸ਼ਨ ਨੂੰ ਕ੍ਰਮਵਾਰ ‘ਜੀ. ਟੀ. ਏ.-5’ ਅਤੇ ‘ਜੀ. ਟੀ. ਏ.-6’ ਕਿਹਾ ਜਾਂਦਾ ਹੈ।


author

Shubam Kumar

Content Editor

Related News