ਨੋਟਬੰਦੀ ਅਤੇ ਵੋਟਬੰਦੀ ਇਕ ਹੀ ਸਿੱਕੇ ਦੇ ਦੋ ਪਹਿਲੂ : ਜੈਰਾਮ ਰਮੇਸ਼
Thursday, Nov 19, 2026 - 07:14 PM (IST)
ਨਵੀਂ ਦਿੱਲੀ, (ਏਜੰਸੀ)-ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਨੋਟਬੰਦੀ ਅਤੇ ਵੋਟਬੰਦੀ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ ਕਿਉਂਕਿ ਨੋਟਬੰਦੀ ਰਾਹੀਂ ਆਮ ਆਦਮੀ ਦੀ ਕਮਾਈ ਅਤੇ ਰੋਜ਼ੀ-ਰੋਟੀ ’ਤੇ ਸੱਟ ਮਾਰੀ ਗਈ ਸੀ, ਜਦਕਿ ਹੁਣ ਵੋਟਬੰਦੀ ਰਾਹੀਂ ਉਸ ਦੇ ਲੋਕਤੰਤਰੀ ਅਧਿਕਾਰ ਅਤੇ ਆਵਾਜ਼ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਜੈਰਾਮ ਰਮੇਸ਼ ਨੇ ‘ਐਕਸ’ ’ਤੇ ਇਕ ਪੋਸਟ ’ਚ ਇਹ ਵੀ ਕਿਹਾ ਕਿ ਸੱਤਾ ਦੇ ਹੰਕਾਰ ’ਚ ਪਹਿਲਾਂ ਜਨਤਾ ਦੀ ਕਮਾਈ ਅਤੇ ਰੋਜ਼ੀ-ਰੋਟੀ ’ਤੇ ਸੱਟ ਮਾਰੀ ਗਈ ਸੀ ਅਤੇ ਹੁਣ ਉਸ ਦੀ ਵੋਟ ਅਤੇ ਆਵਾਜ਼ ’ਤੇ ਸੱਟ ਮਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਗਰੀਬਾਂ, ਮਜ਼ਦੂਰਾਂ, ਕਿਸਾਨਾਂ, ਵਾਂਝੇ ਵਰਗਾਂ, ਸਮਾਜਿਕ ਤੌਰ ’ਤੇ ਪੱਛੜੇ ਵਰਗਾਂ, ਨੌਜਵਾਨਾਂ ਅਤੇ ਮੱਧ ਵਰਗ ਕੋਲ ਆਪਣੀ ਗੱਲ ਮਨਵਾਉਣ ਦਾ ਸਭ ਤੋਂ ਵੱਡਾ ਹਥਿਆਰ ਉਨ੍ਹਾਂ ਦੀ ਵੋਟ ਹੈ।
ਕਾਂਗਰਸ ਦੇ ਜਨਰਲ ਸਕੱਤਰ ਨੇ ਦੋਸ਼ ਲਾਇਆ ਕਿ ਜਦੋਂ ਸਰਕਾਰ ਨੂੰ ਜਨਤਾ ਦੇ ਫਤਵੇ ਦੀ ਪਰਵਾਹ ਨਹੀਂ ਰਹਿੰਦੀ ਤਾਂ ਉਸ ਦੀਆਂ ਨੀਤੀਆਂ ’ਚ ਵੀ ਹੰਕਾਰ ਵਿਖਾਈ ਦੇਣ ਲੱਗਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੀ ਸਥਿਤੀ ’ਚ 2 ਮਿੱਤਰ ਪੂੰਜੀਪਤੀਆਂ ਦੇ ਕਾਰਪੋਰੇਟ ਹਿੱਤਾਂ ਨੂੰ ਤਰਜੀਹ ਮਿਲਦੀ ਹੈ, ਜਦਕਿ ਆਮ ਆਦਮੀ ਮਹਿੰਗਾਈ ਦਾ, ਨੌਜਵਾਨ ਬੇਰੋਜ਼ਗਾਰੀ ਦਾ ਅਤੇ ਕਿਸਾਨ ਆਪਣੀਆਂ ਮੰਗਾਂ ਨਾਲ ਜੁੜੇ ਸੰਘਰਸ਼ ਦਾ ਸਾਹਮਣਾ ਕਰਦੇ ਹਨ।
ਰਮੇਸ਼ ਨੇ ਮਨਰੇਗਾ ਦੀ ਥਾਂ ਨਵੀਂ ਵਿਵਸਥਾ ਲਿਆਉਣ, ਕਾਰਪੋਰੇਟ ਚੰਦੇ ਅਤੇ ਨੀਤੀਗਤ ਤਰਜੀਹਾਂ ਦਾ ਜ਼ਿਕਰ ਕਰਦੇ ਹੋਏ ਦੋਸ਼ ਲਾਇਆ ਕਿ ਇਨ੍ਹਾਂ ਨਾਲ ਆਮ ਨਾਗਰਿਕਾਂ, ਪੇਂਡੂ ਮਜ਼ਦੂਰਾਂ ਅਤੇ ਨੌਜਵਾਨਾਂ ਦੇ ਅਧਿਕਾਰ ਪ੍ਰਭਾਵਿਤ ਹੋਏ ਹਨ। ਜੈਰਾਮ ਰਮੇਸ਼ ਨੇ ਕਿਹਾ ਕਿ ਮਹਿੰਗਾਈ ਨਾਲ ਆਮ ਲੋਕਾਂ ਦੀ ਜੇਬ, ਬੇਰੋਜ਼ਗਾਰੀ ਨਾਲ ਨੌਜਵਾਨਾਂ ਦੇ ਭਵਿੱਖ ਅਤੇ ਵੋਟਰ ਸੂਚੀ ’ਚੋਂ ਨਾਂ ਗਾਇਬ ਹੋਣ ਨਾਲ ਸਰਕਾਰ ਚੁਣਨ ਅਤੇ ਉਸ ਤੋਂ ਜਵਾਬ ਮੰਗਣ ਦੇ ਅਧਿਕਾਰ ’ਤੇ ਸੱਟ ਪਹੁੰਚਦੀ ਹੈ।
