ਨੂੰਹ ਨੇ ਲਗਾਇਆ ਸਬ-ਇੰਸਪੈਕਟਰ ਸਹੁਰੇ ''ਤੇ ਛੇੜਛਾੜ ਦਾ ਦੋਸ਼
Saturday, Dec 30, 2017 - 03:27 PM (IST)

ਪਾਣੀਪਤ — ਪਾਣੀਪਤ ਪੁਲਸ 'ਚ ਤਾਇਨਾਤ ਸਬ-ਇੰਸਪੈਕਟਰ ਦੇ ਅਹੁਦੇ ਕੰਮ ਕਰਦੇ ਸੁਹਰੇ ਦੇ ਖਿਲਾਫ ਉਸ ਦੀ ਨੂੰਹ ਨੇ ਛੇੜਛਾੜ ਅਤੇ ਬਲਾਤਕਾਰ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਵਾਇਆ ਹੈ। ਇਸ ਸਬ-ਇੰਸਪੈਕਟਰ ਦੀ ਨੂੰਹ ਨੇ ਡੀ.ਐੱਸ.ਪੀ. ਦੇ ਦਰਬਾਰ 'ਚ ਪਹੁੰਚ ਕੇ ਦੋਸ਼ੀ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਡੀ.ਐੱਸ. ਪੀ. ਨੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਪੀੜਤ ਮਹਿਲਾ ਨੇ ਦੱਸਿਆ ਕਿ ਉਸਦਾ ਵਿਆਹ 4 ਸਾਲ ਪਹਿਲਾਂ ਪਾਣੀਪਤ ਪੁਲਸ 'ਚ ਤਾਇਨਾਤ ਸਬ-ਇੰਸਪੈਕਟਰ ਉਮਰ-ਮੁਹੰਮਦ ਦੇ ਅਪਾਹਜ ਬੇਟੇ ਵਸੀਮ ਨਾਲ ਹੋਇਆ ਸੀ ਅਤੇ ਹੁਣ ਉਨ੍ਹਾਂ ਦਾ ਇਕ ਬੇਟਾ ਵੀ ਹੈ। ਬੇਟਾ ਹੋਣ ਤੋਂ ਕੁਝ ਸਮੇਂ ਬਾਅਦ ਹੀ ਪਰਿਵਾਰ ਦੇ ਮੈਂਬਰ ਉਸ ਨਾਲ ਕੁੱਟਮਾਰ ਕਰਨ ਲੱਗ ਗਏ ਸਨ। ਸਹੁਰਾ ਉਮਰ ਮੁਹੰਮਦ ਛੇੜਛਾੜ ਕਰਨ ਲੱਗਾ ਅਤੇ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਉਣ ਲੱਗਾ, ਵਿਰੋਧ ਕਰਨ 'ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ।
ਪੀੜਤਾ ਨੇ ਦੱਸਿਆ ਕਿ ਇਸ ਸਬੰਧ 'ਚ ਇਸ ਤੋਂ ਪਹਿਲਾਂ ਉਸਨੇ ਮਹਿਲਾ ਥਾਣੇ 'ਚ ਸ਼ਿਕਾਇਤ ਵੀ ਕੀਤੀ ਸੀ ਅਤੇ ਸਮਝੋਤਾ ਹੋਣ ਤੋਂ ਬਾਅਦ ਪਤੀ ਵਸੀਮ ਦੇ ਨਾਲ ਵੱਖ ਰਹਿਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਵੀ ਸਹੁਰਾ ਉਮਰ ਮੁਹੰਮਦ ਉਨ੍ਹਾਂ ਦੇ ਘਰ ਆ ਕੇ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਹੁਣ ਪੀੜਤਾ ਨੇ ਡੀ.ਐੱਸ.ਪੀ. ਰਾਜੇਸ਼ ਲੋਹਾਨ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਡੀ.ਐੱਸ.ਪੀ. ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।