ਆਧਾਰ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਦਾ ਰਾਹੁਲ ਗਾਂਧੀ ਨੇ ਕੀਤਾ ਧੰਨਵਾਦ
Wednesday, Sep 26, 2018 - 06:08 PM (IST)

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਅੱਜ ਆਧਾਰ ਨੂੰ ਲੈ ਕੇ ਇਤਹਾਸਕ ਫੈਸਲਾ ਦਿੱਤਾ ਹੈ। ਅਦਾਲਤ ਨੇ ਆਧਾਰ ਦੀ ਸੰਵਿਧਾਨਕਤਾ ਨੂੰ ਬਰਕਰਾਰ ਰੱਖਿਆ ਹੈ, ਜਿਸਦੇ ਤਹਿਤ ਹੁਣ ਆਧਾਰ ਨੂੰ ਮੋਬਾਈਲ ਨੰਬਰ ਤੇ ਬੈਂਕ ਖਾਤੇ ਨਾਲ ਜੋੜਨ ਦੀ ਕੋਈ ਲੋੜ ਨਹੀਂ ਹੈ। ਆਧਾਰ ਦੇ ਇਸ ਫੈਸਲੇ 'ਤੇ ਕਾਂਗਰਸ ਤੇ ਭਾਜਪਾ ਨੇ ਆਪਣੇ-ਆਪਣੇ ਵਿਚਾਰ ਰੱਖੇ ਹਨ। ਵਿੱਤ ਮੰਤਰੀ ਅਰੁਣ ਜੇਤਲੀ ਦੇ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਫੈਸਲੇ 'ਤੇ ਆਪਣੇ ਵਿਚਾਰ ਰੱਖੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਲਈ ਆਧਾਰ ਸਸ਼ਤੀਕਰਨ ਦਾ ਮਾਧਿਅਮ ਸੀ ਤੇ ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਕਾਂਗਰਸ ਦੇ ਇਸ ਪੱਖ ਨੂੰ ਸਮਰਥਨ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਆਪਣੇ ਫੈਸਲੇ 'ਚ ਕੇਂਦਰ ਦੀ ਮਹੱਤਵਪੂਰਨ ਯੋਜਨਾ ਆਧਾਰ ਨੂੰ ਸੰਵਿਧਾਨਕ ਰੂਪ ਨਾਲ ਪ੍ਰਮਾਣਿਤ ਕਰਾਰ ਦਿੱਤਾ ਹੈ। ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਕਿਹਾ ਕਿ ਆਧਾਰ ਦਾ ਮਨੋਰਥ ਕਲਿਆਣਕਾਰੀ ਯੋਜਨਾਵਾਂ ਦੇ ਲਾਭ ਨੂੰ ਸਮਾਜ ਦੇ ਪੱਛੜੇ ਵਰਗ ਤਕ ਪਹੁੰਚਾਉਣਾ ਹੈ।
ਇਸ ਫੈਸਲੇ ਅਨੁਸਾਰ ਆਧਾਰ ਕਾਰਡ/ਨੰਬਰ ਨੂੰ ਬੈਂਕ ਖਾਤੇ ਨਾਲ ਜੋੜਨਾ ਜ਼ਰੂਰੀ ਨਹੀਂ ਹੈ। ਬੈਂਚ ਨੇ ਕਿਹਾ ਕਿ ਇਨਕਮ ਟੈਕਸ ਰਿਟਰਨ ਭਰਨ ਤੇ ਪੈਨ ਕਾਰਡ ਬਣਾਉਣ ਲਈ ਆਧਾਰ ਜ਼ਰੂਰੀ ਹੈ।