ਸਮਾਂ ਬਦਲ ਗਿਆ ਹੈ, ਹੁਣ ਅੱਤਵਾਦੀ ਆਪਣੇ ਘਰਾਂ ''ਚ ਵੀ ਨਹੀਂ ਸੁਰੱਖਿਅਤ: PM ਮੋਦੀ
Saturday, Nov 16, 2024 - 12:56 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਹੁਣ ਅੱਤਵਾਦੀ ਆਪਣੇ ਘਰਾਂ 'ਚ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ, ਜਦਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਅੱਤਵਾਦ ਕਾਰਨ ਲੋਕ ਅਸੁਰੱਖਿਅਤ ਮਹਿਸੂਸ ਕਰਦੇ ਸਨ। ਦਿੱਲੀ ਵਿਚ ਐੱਚ. ਟੀ. ਲੀਡਰਸ਼ਿਪ ਸਮਿਟ 'ਚ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਂ ਬਦਲ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸ਼ਨੀਵਾਰ ਨੂੰ ਆਯੋਜਿਤ ਇਕ ਪ੍ਰਦਰਸ਼ਨੀ 'ਚ 26/11 ਮੁੰਬਈ ਅੱਤਵਾਦੀ ਹਮਲੇ 'ਤੇ ਰਿਪੋਰਟ ਵੇਖੀ। ਉਸ ਸਮੇਂ ਅੱਤਵਾਦ ਕਾਰਨ ਭਾਰਤ ਦੇ ਲੋਕ ਅਸੁਰੱਖਿਅਤ ਮਹਿਸੂਸ ਕਰਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ ਅਤੇ ਹੁਣ ਅੱਤਵਾਦੀ ਆਪਣੇ ਘਰਾਂ ਵਿਚ ਹੀ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਪਾ ਰਹੇ ਹਨ। ਦਰਅਸਲ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਨਿਸ਼ਾਨਾ ਵਿੰਨ੍ਹਿਆ।
ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੀਆਂ ਨੀਤੀਆਂ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਮੇਸ਼ਾ ਵਿਕਾਸ ਨੂੰ ਤਰਜ਼ੀਹ ਦਿੱਤੀ ਹੈ ਅਤੇ ਵੋਟ-ਬੈਂਕ ਰਾਜਨੀਤੀ ਤੋਂ ਦੂਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਦਾ ਸਪੱਸ਼ਟ ਉਦੇਸ਼ ਹੈ- ਲੋਕਾਂ ਲਈ, ਲੋਕਾਂ ਵਲੋਂ ਵਿਕਾਸ। ਅਸੀਂ ਸਿਰਫ਼ ਜਨਹਿੱਤ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣਾ ਹੈ। ਭਾਰਤੀਆਂ ਨੇ ਸਾਨੂੰ ਆਪਣਾ ਭਰੋਸਾ ਦਿੱਤਾ ਹੈ ਅਤੇ ਅਸੀਂ ਉਸ ਭਰੋਸੇ ਨੂੰ ਪੂਰੀ ਈਮਾਨਦਾਰੀ ਨਾਲ ਨਿਭਾ ਰਹੇ ਹਾਂ।