ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੀ ਵਿੱਤੀ ਮਦਦ ਕਰਨ ਵਾਲੇ ਗਿਰੋਹ ਦੇ 6 ਮੈਂਬਰ ਗ੍ਰਿਫ਼ਤਾਰ
Sunday, Aug 09, 2020 - 03:41 PM (IST)
ਜੰਮੂ- ਸੁਰੱਖਿਆ ਦਸਤਿਆਂ ਨੇ ਅੱਤਵਾਦੀ ਸੰਗਠ ਲਸ਼ਕਰ-ਏ-ਤੋਇਬਾ ਨੂੰ ਵਿੱਤੀ ਮਦਦ ਪਹੁੰਚਾਉਣ ਵਾਲੇ ਇਕ ਨੈੱਟਵਰਕ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਜੰਮੂ ਖੇਤਰ 'ਚ ਗਿਰੋਹ ਨੂੰ ਮੁੜ ਸਰਗਰਮ ਕਰਨ ਦੀ ਉਨ੍ਹਾਂ ਦੀ ਸਾਜਿਸ਼ ਨੂੰ ਅਸਫ਼ਲ ਕੀਤਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫੌਜ ਤੋਂ ਪ੍ਰਾਪਤ ਸੂਚਨਾ ਦੇ ਆਧਾਰ 'ਤੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਸੰਗਠਨ ਵਲੋਂ ਜੰਮੂ ਸ਼ਹਿਰ 'ਚ ਗਿਰੋਹ ਨੂੰ ਮੁੜ ਸਰਗਰਮ ਕਰਨ ਦੀ ਸੂਚਨਾ ਮਿਲੀ ਸੀ।
ਉਨ੍ਹਾਂ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸੁਰੱਖਿਆ ਦਸਤਿਆਂ ਨੇ ਮੁਦਸਿਰ ਫਾਰੂਕ ਭਟ ਨੂੰ ਫੜਿਆ ਅਤੇ ਉਸ ਕੋਲੋਂ ਡੇਢ ਲੱਖ ਰੁਪਏ ਨਕਦ ਬਰਾਮਦ ਕੀਤੇ, ਜੋ ਲਸ਼ਕਰ-ਏ-ਤੋਇਬਾ ਨੂੰ ਦਿੱਤੇ ਜਾਣੇ ਸਨ। ਪੁੱਛ-ਗਿੱਛ ਦੌਰਾਨ ਭਟ ਨੇ ਸਵੀਕਾਰ ਕੀਤਾ ਕਿ ਉਸ ਦਾ ਸੰਬੰਧ ਲਸ਼ਕਰ-ਏ-ਤੋਇਬਾ ਨਾਲ ਹੈ। ਇਸ ਦੌਰਾਨ ਉਸ ਨੇ ਗਿਰੋਹ ਦੇ ਹੋਰ ਮੈਂਬਰਾਂ ਦਾ ਨਾਂ ਵੀ ਦੱਸਿਆ। ਅਧਿਕਾਰੀ ਨੇ ਕਿਹਾ ਕਿ ਫੌਜ ਅਤੇ ਪੁਲਸ ਨੇ ਅੱਤਵਾਦੀ ਸੰਗਠਨ ਦੇ 5 ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।