ਜੰਮੂ ਦੇ DGP ਸਵੈਨ ਦਾ ਵੱਡਾ ਐਲਾਨ, ਅੱਤਵਾਦੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਦਦਗਾਰਾਂ ਨੂੰ ਵੀ ਕੁਚਲ ਦੇਵਾਂਗੇ

Sunday, Jun 16, 2024 - 05:18 PM (IST)

ਜੰਮੂ ਦੇ DGP ਸਵੈਨ ਦਾ ਵੱਡਾ ਐਲਾਨ, ਅੱਤਵਾਦੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਦਦਗਾਰਾਂ ਨੂੰ ਵੀ ਕੁਚਲ ਦੇਵਾਂਗੇ

ਕਠੂਆ/ਹੀਰਾਨਗਰ, (ਗੁਰਪ੍ਰੀਤ/ਲੋਕੇਸ਼)– ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਰਸ਼ਮੀ ਰੰਜਨ ਸਵੈਨ ਨੇ ਅੱਤਵਾਦੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਦਦਗਾਰਾਂ ਤੇ ਪਨਾਹਗਾਰਾਂ ਨੂੰ ਵੀ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਸੁਰੱਖਿਆ ਫੋਰਸਾਂ ਅਜਿਹੀ ਮਿਸਾਲ ਪੇਸ਼ ਕਰਨਗੀਆਂ ਜਿਸ ਤੋਂ ਬਾਅਦ ਕੋਈ ਵੀ ਅੱਤਵਾਦੀਆਂ ਨੂੰ ਪਨਾਹ ਦੇਣ ਬਾਰੇ ਸੋਚੇਗਾ ਵੀ ਨਹੀਂ।

ਉਨ੍ਹਾਂ ਕਿਹਾ ਕਿ ਸਰਹੱਦ ਤੋਂ ਪਾਰ ਪਾਕਿਸਤਾਨ ਵਿਚ ਬੈਠੇ ਅੱਤਵਾਦ ਦੇ ਠੇਕੇਦਾਰ ਖੁਦ ਨੂੰ ਜ਼ਿੰਦਾ ਰੱਖਣ ਲਈ ਅੱਤਵਾਦੀਆਂ ਨੂੰ ਇਸ ਪਾਸੇ ਧੱਕ ਰਹੇ ਹਨ ਪਰ ਇਹ ਹੁਣ ਜ਼ਿਆਦਾ ਚੱਲਣ ਵਾਲਾ ਨਹੀਂ। ਅੱਤਵਾਦੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਦਦਗਾਰਾਂ ਨੂੰ ਵੀ ਕੁਚਲ ਦਿੱਤਾ ਜਾਵੇਗਾ।

ਸਵੈਨ ਨੇ ਇਹ ਗੱਲ ਹੀਰਾਨਗਰ ਦੇ ਸੈਡਾ ਪਿੰਡ ਵਿਚ ਹਾਲਾਤ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਸਾਰੀਆਂ ਚੁਣੌਤੀਆਂ ਗੁਆਂਢੀ ਦੇਸ਼ ਤੋਂ ਆ ਰਹੀਆਂ ਹਨ। ਉਨ੍ਹਾਂ ਲੋਕਾਂ ਦਾ ਕੰਮਕਾਜ ਠੱਪ ਹੋ ਰਿਹਾ ਹੈ। ਉਨ੍ਹਾਂ ਨੂੰ ਕਸ਼ਮੀਰ ਵਿਚ ਕਾਫੀ ਧੱਕਾ ਪਹੁੰਚਿਆ ਹੈ।

ਡੀ. ਜੀ. ਪੀ. ਹੀਰਾਨਗਰ ਦੇ ਸੈਡਾ ਦੇ ਉਸ ਇਲਾਕੇ ਵਿਚ ਪਹੁੰਚੇ ਸਨ ਜਿੱਥੇ ਬੀਤੇ ਦਿਨੀਂ ਸੁਰੱਖਿਆ ਫੋਰਸਾਂ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਪੁਲਸ ਅਧਿਕਾਰੀਆਂ ਤੇ ਸੁਰੱਖਿਆ ਟੀਮਾਂ ਤੋਂ ਵੀ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਸੁਰੱਖਿਆ ਫੋਰਸਾਂ ਦਾ ਹੌਸਲਾ ਵਧਾਇਆ।

ਡੀ. ਜੀ. ਪੀ. ਨੇ ਕਿਹਾ ਕਿ ਇਹ ਲੋਕ ਹੁਣ ਜ਼ਿਆਦਾ ਗਿਣਤੀ ਵਿਚ ਨਹੀਂ ਹਨ। ਇਹ ਚੂਹਿਆਂ ਵਾਂਗ ਹਨ ਪਰ ਇਨ੍ਹਾਂ ਕੋਲ ਬੰਦੂਕ ਹੈ ਅਤੇ ਨਿਹੱਥੇ ਲੋਕਾਂ ਨੂੰ ਵੇਖ ਕੇ ਇਨ੍ਹਾਂ ਨੂੰ ਮੌਕਾ ਮਿਲ ਜਾਂਦਾ ਹੈ। ਅਜਿਹੀਆਂ ਸਰਗਰਮੀਆਂ ਦੀਆਂ ਸੂਚਨਾਵਾਂ ਸਾਡੀਆਂ ਏਜੰਸੀਆਂ ਨੂੰ ਵੀ ਮਿਲਦੀਆਂ ਹਨ, ਜਿਸ ’ਤੇ ਤੁਰੰਤ ਕਾਰਵਾਈ ਵੀ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਸਾਰੀਆਂ ਸੁਰੱਖਿਆ ਫੋਰਸਾਂ ਪੂਰੀ ਤਰ੍ਹਾਂ ਅਲਰਟ ਹਨ ਅਤੇ ਦੇਸ਼ ਦੇ ਦੁਸ਼ਮਣ ਇਨ੍ਹਾਂ ਸਾਹਮਣੇ ਟਿਕ ਨਹੀਂ ਸਕਣਗੇ। ਇਹ ਲੋਕ ਪਿਛਲੇ 8-10 ਸਾਲਾਂ ਤੋਂ ਕੋਸ਼ਿਸ਼ਾਂ ਤਾਂ ਬਹੁਤ ਕਰ ਰਹੇ ਹਨ ਕਿ ਹਫੜਾ-ਦਫੜੀ ਮਚਾਈ ਜਾਵੇ ਪਰ ਅਜਿਹਾ ਨਹੀਂ ਹੋਇਆ। ਉਹ ਜਨਤਾ ਨੂੰ ਗੁਜ਼ਾਰਿਸ਼ ਕਰਦੇ ਹਨ ਕਿ ਇਸ ਤਰ੍ਹਾਂ ਦੀਆਂ ਸਰਗਰਮੀਆਂ ਤੇ ਸੂਚਨਾਵਾਂ ਬਾਰੇ ਪਤਾ ਲੱਗਣ ’ਤੇ ਸੁਰੱਖਿਆ ਏਜੰਸੀਆਂ ਨੂੰ ਇਸ ਦੀ ਜਾਣਕਾਰੀ ਦੇਣ।

ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਨੂੰ ਪਹਿਲਾਂ ਹੀ ਹਦਾਇਤਾਂ ਹਨ ਕਿ ਅੱਤਵਾਦੀਆਂ ਨੂੰ ਚੁਣ-ਚੁਣ ਕੇ ਮਾਰਿਆ ਜਾਵੇਗਾ। ਇਹ ਇਕ ਤਰ੍ਹਾਂ ਜੰਗ ਸਾਡੇ ’ਤੇ ਥੋਪੀ ਜਾ ਰਹੀ ਹੈ ਪਰ ਹਰ ਵਾਰ ਇਹ ਲੋਕ ਮੂੰਹ ਦੀ ਖਾ ਰਹੇ ਹਨ।


author

Rakesh

Content Editor

Related News