ਪਾਕਿਸਤਾਨ ਨਾਲ ਸਬੰਧਾਂ ਨੂੰ ਆਮ ਵਰਗੇ ਬਣਾਉਣ ਲਈ ਅੱਤਵਾਦ ਮੁਕਤ ਮਾਹੌਲ ਜ਼ਰੂਰੀ : ਭਾਰਤ
Friday, Aug 04, 2023 - 10:20 AM (IST)

ਨਵੀਂ ਦਿੱਲੀ (ਭਾਸ਼ਾ)- ਭਾਰਤ ਨੇ ਵੀਰਵਾਰ ਕਿਹਾ ਕਿ ਪਾਕਿਸਤਾਨ ਨਾਲ ਆਮ ਵਰਗੇ ਸਬੰਧਾਂ ਲਈ ਅੱਤਵਾਦ ਅਤੇ ਦੁਸ਼ਮਣੀ ਤੋਂ ਮੁਕਤ ਮਾਹੌਲ ਜ਼ਰੂਰੀ ਹੈ। ਵਿਦੇਸ਼ ਮੰਤਰਾਲਾ ਦਾ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਭਾਰਤ ਨਾਲ ਗੱਲਬਾਤ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਪਾਕਿਸਤਾਨ ਸਮੇਤ ਸਾਰੇ ਗੁਆਂਢੀ ਦੇਸ਼ਾਂ ਨਾਲ ਆਮ ਵਰਗੇ ਸਬੰਧ ਚਾਹੁੰਦਾ ਹੈ । ਇਸ ਲਈ ਮਾਹੌਲ ਬਣਾਉਣਾ ਇਸਲਾਮਾਬਾਦ ’ਤੇ ਨਿਰਭਰ ਕਰਦਾ ਹੈ। ਬਾਗਚੀ ਨੇ ਇਹ ਗੱਲ ਸ਼ਰੀਫ ਦੇ ਬਿਆਨ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਕਹੀ। ਅਸੀਂ ਇਸ ਮੁੱਦੇ ’ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਸੰਬੰਧੀ ਖਬਰਾਂ ਵੇਖੀਆਂ ਹਨ। ਇਸ ’ਤੇ ਭਾਰਤ ਦੀ ਸਪੱਸ਼ਟ ਅਤੇ ਇਕਸਾਰ ਸਥਿਤੀ ਸਭ ਨੂੰ ਪਤਾ ਹੈ। ਅਖੌਤੀ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ’ਤੇ ਇਕ ਸਵਾਲ ਦੇ ਜਵਾਬ ’ਚ ਬਾਗਚੀ ਨੇ ਕਿਹਾ ਕਿ ਭਾਰਤ ਇਸ ਪ੍ਰਾਜੈਕਟ ਦਾ ਵਿਰੋਧ ਕਰ ਰਿਹਾ ਹੈ ਕਿਉਂਕਿ ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ’ਚੋਂ ਲੰਘਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾਈਜਰ ਦੇ ਘਟਨਾਚੱਕਰ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ । ਉਕਤ ਪੱਛਮੀ ਅਫਰੀਕੀ ਦੇਸ਼ ’ਚ ਰਹਿ ਰਹੇ ਲਗਭਗ 250 ਭਾਰਤੀ ਸੁਰੱਖਿਅਤ ਹਨ।
ਬੇਬੀ ਅਰੀਹਾ ਦੀ ਵਾਪਸੀ ਲਈ ਜਰਮਨੀ ਦੇ ਰਾਜਦੂਤ ਨੂੰ ਤਲਬ ਕੀਤਾ
ਭਾਰਤ ਨੇ ਇਸ ਹਫਤੇ ਜਰਮਨੀ ਦੇ ਰਾਜਦੂਤ ਫਿਲਿਪ ਐਕਰਮੈਨ ਨੂੰ ਤਲਬ ਕੀਤਾ ਅਤੇ ਇੱਕ ਭਾਰਤੀ ਬੱਚੀ ਦੀ ਵਾਪਸੀ ਲਈ ਦਬਾਅ ਪਾਇਆ ਜੋ 20 ਮਹੀਨਿਆਂ ਤੋਂ ਬਰਲਿਨ ਵਿੱਚ ਇੱਕ ਦੇਖਭਾਲ ਕੇਂਦਰ ਵਿੱਚ ਰਹਿ ਰਹੀ ਹੈ। ਅਰੀਹਾ ਨੂੰ 23 ਸਤੰਬਰ, 2021 ਨੂੰ ਹਾਦਸੇ ਵਿਚ ਸੱਟ ਲੱਗਣ ਤੋਂ ਬਾਅਦ ਜਰਮਨੀ ਦੇ ਯੂਥ ਵੈਲਫੇਅਰ ਦਫਤਰ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ। ਉਦੋਂ ਤੋਂ ਉਹ ਚਾਈਲਡ ਕੇਅਰ ਸੈਂਟਰ ਵਿੱਚ ਹੈ। ਘਟਨਾ ਸਮੇਂ ਅਰੀਹਾ ਦੀ ਉਮਰ 7 ਮਹੀਨੇ ਦੀ ਸੀ।