UP ਦੇ ਭਦੋਹੀ 'ਚ ਦੁਰਗਾ ਪੂਜਾ ਪੰਡਾਲ 'ਚ ਲੱਗੀ ਭਿਆਨਕ ਅੱਗ, 50 ਤੋਂ ਵੱਧ ਲੋਕ ਝੁਲਸੇ
Monday, Oct 03, 2022 - 05:02 AM (IST)
ਨੈਸ਼ਨਲ ਡੈਸਕ : ਯੂਪੀ ਦੇ ਭਦੋਹੀ 'ਚ ਐਤਵਾਰ ਦੇਰ ਸ਼ਾਮ ਇਕ ਦੁਰਗਾ ਪੂਜਾ ਪੰਡਾਲ ਵਿੱਚ ਅੱਗ ਲੱਗ ਗਈ, ਜੋ ਦੇਖਦੇ ਹੀ ਦੇਖਦੇ ਸਾਰੇ ਪੰਡਾਲ 'ਚ ਫੈਲ ਗਈ। ਅੱਗ ਦੀਆਂ ਭਿਆਨਕ ਲਪਟਾਂ ਦੇਖ ਹਰ ਕੋਈ ਸਹਿਮ ਗਿਆ। ਅੱਗ ਲੱਗਣ ਦੀ ਖ਼ਬਰ ਨਾਲ ਪੰਡਾਲ ਵਿੱਚ ਹਫੜਾ-ਦਫੜੀ ਮਚ ਗਈ। ਇਸ ਵਿੱਚ 50 ਤੋਂ ਵੱਧ ਲੋਕ ਝੁਲਸ ਗਏ। ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ 'ਚ ਔਰਤਾਂ ਅਤੇ ਬੱਚੇ ਜ਼ਿਆਦਾ ਹਨ। ਔਰਾਈ ਕੋਤਵਾਲੀ ਤੋਂ ਕੁਝ ਕਦਮ ਦੂਰ ਸਥਿਤ ਏਕਤਾ ਦੁਰਗਾ ਪੰਡਾਲ ਵਿੱਚ ਐਤਵਾਰ ਰਾਤ ਕਰੀਬ 8 ਵਜੇ ਆਰਤੀ ਦੌਰਾਨ ਇਹ ਅੱਗ ਲੱਗੀ, ਜਿਸ ਦੀ ਲਪੇਟ 'ਚ ਆਉਣ ਨਾਲ 50 ਤੋਂ ਵੱਧ ਲੋਕ ਝੁਲਸ ਗਏ। ਸੂਚਨਾ ਮਿਲਣ 'ਤੇ ਡੀਐੱਮ-ਐੱਸਪੀ ਸਮੇਤ ਵੱਡੀ ਗਿਣਤੀ 'ਚ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚ ਗਈ। ਝੁਲਸੇ ਬੱਚਿਆਂ ਅਤੇ ਔਰਤਾਂ ਨੂੰ ਸੀ.ਐੱਚ.ਸੀ. ਸਮੇਤ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਬੱਚੇ ਨੂੰ ਡਰਾ-ਧਮਕਾ ਮੈਡੀਕਲ ਸਟੋਰ 'ਚੋਂ ਲੁੱਟ ਕੇ ਲੈ ਗਏ ਲੈਪਟਾਪ ਤੇ ਮੋਬਾਈਲ
ਪੰਡਾਲ ਵਿੱਚ 150 ਤੋਂ ਵੱਧ ਲੋਕ ਇਕੱਠੇ ਹੋਏ ਸਨ
ਔਰਾਈ-ਭਦੋਹੀ ਰੋਡ 'ਤੇ ਸਥਿਤ ਏਕਤਾ ਕਲੱਬ ਦਾ ਪੰਡਾਲ ਆਕਰਸ਼ਕ ਹੋਣ ਕਾਰਨ ਇੱਥੇ ਨਰਾਤਿਆਂ ਦੌਰਾਨ ਭਾਰੀ ਭੀੜ ਹੁੰਦੀ ਹੈ। ਐਤਵਾਰ ਰਾਤ 8 ਵਜੇ ਪੰਡਾਲ ਦੀ ਆਰਤੀ 'ਚ 150 ਤੋਂ ਵੱਧ ਮਰਦ-ਔਰਤਾਂ ਸ਼ਾਮਲ ਹੋਏ। ਪੰਡਾਲ ਵਿੱਚ ਡਿਜੀਟਲ ਸ਼ੋਅ ਵੀ ਚੱਲ ਰਿਹਾ ਸੀ ਕਿ ਅਚਾਨਕ ਪੰਡਾਲ ਵਿੱਚ ਅੱਗ ਲੱਗ ਗਈ, ਜਿਸ ਨੂੰ ਦੇਖ ਕੇ ਹਫੜਾ-ਦਫੜੀ ਮਚ ਗਈ। ਅੱਗ ਤੇਜ਼ੀ ਨਾਲ ਪੰਡਾਲ ਵਿੱਚ ਫੈਲ ਗਈ। ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਕੁਝ ਲੋਕਾਂ ਦਾ ਮੰਨਣਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ, ਜਦਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਅੱਗ ਆਰਤੀ ਕਾਰਨ ਲੱਗੀ ਹੈ।
ਇਹ ਵੀ ਪੜ੍ਹੋ : ਕਾਨਪੁਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੈਕਟਰ-ਟਰਾਲੀ ਪਲਟਣ ਨਾਲ ਕਈ ਲੋਕਾਂ ਦੀ ਮੌਤ
ਖ਼ਬਰ ਲਿਖੇ ਜਾਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਿੰਨੇ ਲੋਕ ਝੁਲਸੇ ਹਨ ਪਰ ਇਕ ਅਧਿਕਾਰੀ ਅਨੁਸਾਰ 50 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਝੁਲਸੇ ਲੋਕਾਂ ਨੂੰ ਕਮਿਊਨਿਟੀ ਹੈਲਥ ਸੈਂਟਰ ਔਰਾਈ, ਸੂਰਿਆ ਟਰੌਮਾ ਸੈਂਟਰ ਅਤੇ ਹੋਰ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।