ਫੋਨ ''ਚ ਮੌਜੂਦ ਇਹ ਐੱਪ ਪਹੁੰਚਾ ਸਕਦੀ ਹੈ ਜੇਲ! ਨਵੇਂ ਨਿਯਮਾਂ ਕਰਨਗੇ ਸਖ਼ਤੀ
Wednesday, Sep 25, 2024 - 02:03 PM (IST)
ਨਵੀਂ ਦਿੱਲ਼ੀ : ਤੁਸੀਂ ਜੇਕਰ ਆਪਣੇ ਫੋਨ 'ਚ ਟੈਲੀਗ੍ਰਾਮ ਐੱਪ ਭਰੀ ਹੋਈ ਹੈ, ਤੇ ਇਸ ਦੀ ਵਰਤੋਂ ਵੀ ਕਰਦੇ ਹੋ, ਤਾਂ ਤਹਾਨੂੰ ਹੁਣ ਸਾਵਧਾਨ ਹੋ ਜਾਣ ਦੀ ਲੋੜ ਹੈ। ਟੈਲੀਗ੍ਰਾਮ ਨੇ ਹਾਲ ਹੀ ਵਿੱਚ ਆਪਣੀ ਪ੍ਰਾਈਵੇਸੀ ਨੀਤੀ ਵਿੱਚ ਕੁਝ ਵੱਡੇ ਬਦਲਾਅ ਕੀਤੇ ਹਨ, ਜਿਨ੍ਹਾਂ ਨਾਲ ਯੂਜ਼ਰਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ। ਹੁਣ ਟੈਲੀਗ੍ਰਾਮ ਕਾਨੂੰਨੀ ਅਧਿਕਾਰੀਆਂ ਨੂੰ ਯੂਜ਼ਰਸ ਦੇ IP ਪਤੇ ਅਤੇ ਫੋਨ ਨੰਬਰਾਂ ਦੀ ਜਾਣਕਾਰੀ ਵੀ ਸਾਂਝੀ ਕਰ ਸਕਦਾ ਹੈ, ਜੇਕਰ ਉਹ ਜੁਰਮ ਨਾਲ ਸੰਬੰਧਿਤ ਕੋਈ ਕਾਰਵਾਈ ਕਰ ਰਹੇ ਹੋਣ। ਪਹਿਲਾਂ ਟੈਲੀਗ੍ਰਾਮ ਸਿਰਫ਼ ਅੱਤਵਾਦੀ ਮਾਮਲਿਆਂ ਵਿੱਚ ਇਹ ਜਾਣਕਾਰੀ ਸਾਂਝੀ ਕਰਦਾ ਸੀ, ਪਰ ਹੁਣ ਇਹ ਨਿਯਮ ਵਧੀਕ ਜੁਰਮਾਂ ਲਈ ਵੀ ਲਾਗੂ ਹੋਵੇਗਾ, ਜਿਵੇਂ ਕਿ ਡਰੱਗ ਵਪਾਰ, ਸਾਈਬਰ ਕ੍ਰਾਈਮ, ਜਾਂ ਬੱਚਿਆਂ ਦੀ ਸ਼ੋਸ਼ਣ ਵਾਲੀ ਸਮੱਗਰੀ ਦੀ ਵੰਡ ਆਦਿ। ਜੇਕਰ ਕੋਈ ਵੀ ਟੈਲੀਗ੍ਰਾਮ ਉੱਤੇ ਕੋਈ ਅਜਿਹੀ ਸਮਗੱਰੀ ਜਾਂ ਮੈਸੇਜ ਭੇਜਦਾ ਹੈ, ਜੋ ਕਾਨੂੰਨ ਮੁਤਾਬਕ ਅਪਰਾਧ ਹਨ, ਤਾਂ ਟੈਲੀਗ੍ਰਾਮ ਅਜਿਹੀ ਜਾਣਕਾਰੀ ਸਾਂਝੀ ਕਰਨ ਵਾਲੇ ਯੂਜਰਸ ਦੀ ਸਾਰੀ ਜਾਣਕਾਰੀ ਸਰਕਾਰੀ ਕਾਨੂੰਨੀ ਅਧਿਕਾਰੀਆਂ ਨਾਲ ਸਾਂਝੀ ਕਰੇਗਾ। ਜਿਸ ਪਿੱਛੋਂ ਅਜਿਹੇ ਅਪਰਾਧ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਦਾ ਰਾਹ ਖੁੱਲ੍ਹ ਜਾਵੇਗਾ।
ਦਰਅਸਲ ਇਹ ਬਦਲਾਅ ਫਰਾਂਸ ਵਿੱਚ ਟੈਲੀਗ੍ਰਾਮ ਦੇ ਸੀਈਓ ਪਾਵਲ ਡੁਰੋਵ ਦੀ ਗ੍ਰਿਫਤਾਰੀ ਤੋਂ ਬਾਅਦ ਆਏ ਹਨ, ਜਿੱਥੇ ਉਨ੍ਹਾਂ ਨੂੰ ਕ੍ਰਿਮਿਨਲ ਗਤੀਵਿਧੀਆਂ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ, ਟੈਲੀਗ੍ਰਾਮ ਪਲੇਟਫਾਰਮ 'ਤੇ ਵਧੇਰੇ ਕਨਟੈਂਟ ਮਾਡਰੇਸ਼ਨ ਕੀਤੀ ਜਾ ਰਹੀ ਹੈ, ਜਿਸ ਵਿੱਚ AI ਟੂਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਗੈਰਕਾਨੂੰਨੀ ਕਨਟੈਂਟ ਨੂੰ ਹਟਾਉਣ ਵਿੱਚ ਸਹਾਇਕ ਹੋਣਗੀਆਂ। ਇਸ ਲਈ, ਜੇਕਰ ਕੋਈ ਟੈਲੀਗ੍ਰਾਮ 'ਤੇ ਕਨੂਨੀ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਹ ਜੇਲ੍ਹ ਵੀ ਜਾ ਸਕਦਾ ਹੈ।ਇਹ ਕਦਮ ਟੈਲੀਗ੍ਰਾਮ ਦੀ ਸੁਰੱਖਿਆ ਅਤੇ ਪਾਰਦਰਸ਼ਤਾ ਨੂੰ ਵਧਾਉਣ ਲਈ ਚੁੱਕਿਆ ਗਿਆ ਹੈ।
ਬਦਲੇ ਗਏ ਨਿਯਮ
IP ਪਤੇ ਅਤੇ ਫੋਨ ਨੰਬਰਾਂ ਦਾ ਸਾਂਝਾ ਕਰਨਾ : ਹੁਣ ਟੈਲੀਗ੍ਰਾਮ, ਜੇਕਰ ਕੋਈ ਯੂਜ਼ਰ ਜ਼ੁਰਮ ਵਿੱਚ ਸ਼ਾਮਿਲ ਹੈ ਜਾਂ ਟੈਲੀਗ੍ਰਾਮ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸਦੇ IP ਪਤੇ ਅਤੇ ਫੋਨ ਨੰਬਰ ਨੂੰ ਕਾਨੂੰਨੀ ਅਧਿਕਾਰੀਆਂ ਨਾਲ ਸਾਂਝਾ ਕਰ ਸਕਦਾ ਹੈ।
ਅਪਰਾਧਿਕ ਗਤੀਵਿਧੀਆਂ : ਨਵੇਂ ਨਿਯਮ ਅਨੁਸਾਰ, ਜੋ ਵੀ ਵਿਅਕਤੀ ਗੈਰਕਾਨੂੰਨੀ ਕਮਾਈ, ਡਰੱਗ ਵਪਾਰ, ਬੱਚਿਆਂ ਦੀ ਸ਼ੋਸ਼ਣ ਵਾਲੀ ਸਮੱਗਰੀ, ਜਾਂ ਹਥਿਆਰਾਂ ਦੀ ਤਸਕਰੀ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਪਾਇਆ ਗਿਆ, ਉਸਦੀ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ।
ਕੰਟੈਂਟ ਮੋਡਰੇਸ਼ਨ: ਟੈਲੀਗ੍ਰਾਮ 'ਤੇ ਹੁਣ ਮੋਡਰੇਸ਼ਨ ਦੀ ਸਖ਼ਤੀ ਕੀਤੀ ਜਾ ਰਹੀ ਹੈ। ਇੱਕ ਨਵੀਂ ਟੀਮ, ਜੋ ਕਿ AI ਟੂਲਾਂ ਦੀ ਮਦਦ ਨਾਲ ਕੰਮ ਕਰਦੀ ਹੈ। ਟੈਲੀਗ੍ਰਾਮ ਨੇ ਆਪਣੇ ਸਰਚ ਫੀਚਰ 'ਚ ਗੈਰ-ਕਾਨੂੰਨੀ ਕੰਟੈਂਟ ਦੀ ਸਰਚ ਨੂੰ ਰੋਕਣ ਲਈ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਹ ਤਕਨੀਕ ਗੈਰ-ਕਾਨੂੰਨੀ ਕੰਟੈਂਟ ਦੀ ਪਛਾਣ ਕਰਨ ਅਤੇ ਇਸ ਨੂੰ ਪਲੇਟਫਾਰਮ ਤੋਂ ਹਟਾਉਣ ਵਿੱਚ ਮਦਦ ਕਰਦੀ ਹੈ। AI ਦੀ ਵਰਤੋਂ ਕਰਕੇ, ਟੈਲੀਗ੍ਰਾਮ ਪਲੇਟਫਾਰਮ ਨੂੰ ਸੁਰੱਖਿਅਤ ਅਤੇ ਸਾਫ਼ ਰੱਖਦੇ ਹੋਏ ਗੈਰ-ਕਾਨੂੰਨੀ ਕੰਟੈਂਟ ਨੂੰ ਤੇਜ਼ੀ ਨਾਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹਟਾਇਆ ਜਾ ਸਕਦਾ ਹੈ।
ਪਾਰਦਰਸ਼ਤਾ ਰਿਪੋਰਟ: ਟੈਲੀਗ੍ਰਾਮ ਹੁਣ ਤਿਮਾਹੀ ਪਾਰਦਰਸ਼ਤਾ ਰਿਪੋਰਟ ਜਾਰੀ ਕਰੇਗਾ ਜਿਸ ਵਿੱਚ ਦੱਸਿਆ ਜਾਵੇਗਾ ਕਿ ਕਿੰਨੀ ਵਾਰ ਯੂਜ਼ਰਾਂ ਦੀ ਜਾਣਕਾਰੀ ਸਰਕਾਰੀ ਅਧਿਕਾਰੀਆਂ ਨਾਲ ਸਾਂਝੀ ਕੀਤੀ ਗਈ।
ਇਨ੍ਹਾਂ ਨਿਯਮਾਂ ਨਾਲ, ਜੇਕਰ ਕੋਈ ਟੈਲੀਗ੍ਰਾਮ ਨੂੰ ਗਲਤ ਤਰੀਕੇ ਨਾਲ ਵਰਤ ਰਿਹਾ ਹੈ, ਤਾਂ ਉਸਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟੈਲੀਗ੍ਰਾਮ ਦਾ ਇਹ ਕਦਮ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ (Law enforcement) ਦੇ ਨਾਲ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਹੈ। ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਉਪਭੋਗਤਾਵਾਂ ਬਾਰੇ ਜਾਣਕਾਰੀ ਸਾਂਝੀ ਕਰਕੇ, ਟੈਲੀਗ੍ਰਾਮ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ (Law enforcement) ਨੂੰ ਅਪਰਾਧੀਆਂ ਨੂੰ ਫੜਨ ਅਤੇ ਉਨ੍ਹਾਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣ ਵਿੱਚ ਮਦਦ ਕਰ ਸਕਦਾ ਹੈ। ਇਹ ਕਦਮ ਆਪਣੇ ਪਲੇਟਫਾਰਮ ਨੂੰ ਸੁਰੱਖਿਅਤ ਅਤੇ ਭਰੋਸੇਮੰਦ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਟੈਲੀਗ੍ਰਾਮ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਟੈਲੀਗ੍ਰਾਮ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਦਮ ਸਿਰਫ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਉਪਭੋਗਤਾਵਾਂ ਲਈ ਹੈ ਅਤੇ ਆਮ ਉਪਭੋਗਤਾਵਾਂ ਦੀ ਪ੍ਰਾਈਵੇਸੀ ਨੂੰ ਕੋਈ ਖ਼ਤਰਾ ਨਹੀਂ ਹੈ।