ਸੁਰੰਗ ਹਾਦਸਾ; ਪੰਜਾਬ ਦੇ ਮਜ਼ਦੂਰ ਦੀ ਮੌਤ, ਜੱਦੀ ਪਿੰਡ ਭੇਜੀ ਗਈ ਮ੍ਰਿਤਕ ਦੇਹ

Monday, Mar 10, 2025 - 12:26 PM (IST)

ਸੁਰੰਗ ਹਾਦਸਾ; ਪੰਜਾਬ ਦੇ ਮਜ਼ਦੂਰ ਦੀ ਮੌਤ, ਜੱਦੀ ਪਿੰਡ ਭੇਜੀ ਗਈ ਮ੍ਰਿਤਕ ਦੇਹ

ਨਗਰਕਰਨੂਲ- ਤੇਲੰਗਾਨਾ 'ਚ ਸ਼੍ਰੀਸੈਲਮ ਲੈਫਟ ਬੈਂਕ ਕੈਨਾਲ (SLBC) ਪ੍ਰਾਜੈਕਟ ਦੀ ਅੰਸ਼ਕ ਤੌਰ 'ਤੇ ਟੁੱਟੀ ਹੋਈ ਸੁਰੰਗ 'ਚੋਂ ਮਿਲੀ ਗੁਰਪ੍ਰੀਤ ਸਿੰਘ ਦੀ ਲਾਸ਼ ਪੰਜਾਬ 'ਚ ਉਸ ਦੇ ਜੱਦੀ ਘਰ ਭੇਜ ਦਿੱਤੀ ਗਈ ਹੈ। ਗੁਰਪ੍ਰੀਤ ਸਿੰਘ ਸਰਹੱਦੀ ਪਿੰਡ ਚੀਮਾ ਕਲਾਂ ਦਾ ਵਸਨੀਕ ਸੀ। ਇਸ ਦੌਰਾਨ ਬਾਕੀ 7 ਲੋਕਾਂ ਨੂੰ ਲੱਭਣ ਲਈ ਬਚਾਅ ਕਾਰਜ ਸੋਮਵਾਰ ਨੂੰ ਵੀ ਜਾਰੀ ਹੈ। ਰੌਬਿਨਸ ਕੰਪਨੀ ਵਿਚ ਟਨਲ ਬੋਰਿੰਗ ਮਸ਼ੀਨ ਆਪਰੇਟਰ ਵਜੋਂ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਉਨ੍ਹਾਂ ਅੱਠ ਲੋਕਾਂ 'ਚ ਸ਼ਾਮਲ ਸੀ ਜੋ 22 ਫਰਵਰੀ ਨੂੰ ਸੁਰੰਗ ਦੇ ਡਿੱਗਣ ਤੋਂ ਬਾਅਦ ਫਸ ਗਏ ਸਨ।

PunjabKesari

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਨਗਰਕੁਰਨੂਲ ਸਿਵਲ ਹਸਪਤਾਲ 'ਚ ਪੋਸਟਮਾਰਟਮ ਅਤੇ ਹੋਰ ਪ੍ਰਕਿਰਿਆਵਾਂ ਤੋਂ ਬਾਅਦ ਲਾਸ਼ ਨੂੰ ਵਿਸ਼ੇਸ਼ ਐਂਬੂਲੈਂਸ 'ਚ ਲਿਜਾਇਆ ਗਿਆ। ਮੁੱਖ ਮੰਤਰੀ ਏ. ਰੇਵੰਤ ਰੈਡੀ ਨੇ ਉਨ੍ਹਾਂ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਕਿਹਾ ਕਿ 48 ਘੰਟਿਆਂ ਤੋਂ ਵੱਧ ਸਮੇਂ ਤੱਕ ਬਹੁਤ ਧਿਆਨ ਨਾਲ ਖੋਦਾਈ ਅਤੇ ਹੋਰ ਕੋਸ਼ਿਸ਼ਾਂ ਤੋਂ ਬਾਅਦ ਲਾਸ਼ ਨੂੰ ਬਾਹਰ ਕੱਢਿਆ ਜਾ ਸਕਦਾ ਹੈ।

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਕਰੀਬ 10 ਫੁੱਟ ਡੂੰਘਾਈ 'ਚ ਗਾਦ ਹੇਠਾਂ ਦੱਬੀ ਹੋਈ ਸੀ। ਸਿੰਘ ਦੀ ਸ਼ਨਾਖਤ ਉਸ ਦੇ ਖੱਬੇ ਕੰਨ ਦੀ ਵਾਲੀ ਅਤੇ ਸੱਜੇ ਹੱਥ 'ਤੇ ਬਣੇ ਟੈਟੂ ਦੇ ਆਧਾਰ 'ਤੇ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਬਾਕੀ ਮਜ਼ਦੂਰਾਂ ਦੀ ਭਾਲ ਜਾਰੀ ਹੈ। ਗੁਰਪ੍ਰੀਤ ਸਿੰਘ ਤੋਂ ਇਲਾਵਾ ਫਸੇ ਹੋਰਨਾਂ ਵਿਚ ਮਨੋਜ ਕੁਮਾਰ (ਉੱਤਰ ਪ੍ਰਦੇਸ਼), ਸੰਨੀ ਸਿੰਘ (ਜੰਮੂ-ਕਸ਼ਮੀਰ) ਅਤੇ ਝਾਰਖੰਡ ਦੇ ਸੰਦੀਪ ਸਾਹੂ, ਜੇਗਤਾ ਜੇਸ ਅਤੇ ਅਨੁਜ ਸਾਹੂ ਸਮੇਤ ਹੋਰ ਸ਼ਾਮਲ ਹਨ। SLBC ਪ੍ਰਾਜੈਕਟ ਦੀ ਸੁਰੰਗ ਵਿਚ 22 ਫਰਵਰੀ ਨੂੰ ਵਾਪਰੇ ਹਾਦਸੇ ਵਿਚ ਇੰਜੀਨੀਅਰ ਅਤੇ ਮਜ਼ਦੂਰਾਂ ਸਮੇਤ 8 ਲੋਕ ਫਸ ਗਏ ਸਨ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.), ਭਾਰਤੀ ਫੌਜ, ਜਲ ਸੈਨਾ ਅਤੇ ਹੋਰ ਏਜੰਸੀਆਂ ਦੇ ਮਾਹਿਰ ਉਨ੍ਹਾਂ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ।
 


author

Tanu

Content Editor

Related News