ਮੁੱਖ ਮੰਤਰੀ ਕੇ. ਚੰਦਰਸ਼ੇਖਰ ਦਾ ਐਲਾਨ, ਤੇਲੰਗਾਨਾ ’ਚ ਖੇਤੀਬਾੜੀ ਕਰਜ਼ੇ ਹੋਣਗੇ ਮੁਆਫ
Friday, Aug 04, 2023 - 02:59 PM (IST)

ਹੈਦਰਾਬਾਦ, (ਯੂ. ਐੱਨ. ਆਈ.)- ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ (ਕੇ. ਸੀ. ਆਰ.) ਨੇ ਸੂਬੇ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਫੈਸਲਾ ਲਿਆ ਹੈ। ਮਹੱਤਵਪੂਰਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇ. ਸੀ. ਆਰ. ਨੇ ਐਲਾਨ ਕੀਤਾ ਕਿ ਸੂਬੇ ਦੇ ਲੱਖਾਂ ਕਿਸਾਨਾਂ ਨੂੰ ਚਿਰਾਂ ਤੋਂ ਉਡੀਕੀ ਜਾ ਰਹੀ ਕਰਜ਼ਾ ਮੁਆਫੀ ਯੋਜਨਾ ਦੇ ਲਾਗੂਕਰਨ ਲਈ 19 ਹਜ਼ਾਰ ਕਰੋਡ਼ ਰੁਪਏ ਵੰਡੇ ਜਾਣਗੇ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਕਰਜ਼ਾ ਮੁਆਫੀ ਯੋਜਨਾ ਪੜਾਅਬੱਧ ਤਰੀਕੇ ਨਾਲ ਸਤੰਬਰ ਦੇ ਦੂਜੇ ਹਫ਼ਤੇ ਤੱਕ ਪੂਰੀ ਕੀਤੀ ਜਾਵੇਗੀ। ਸੈਸ਼ਨ ਦੇ ਪਹਿਲੇ ਦਿਨ ਵੀਰਵਾਰ ਨੂੰ ਵਿਧਾਨ ਸਭਾ ’ਚ ਮੌਜੂਦ ਵਿਧਾਇਕਾਂ ਨੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਕਮਰੇ ’ਚ ਮੁਲਾਕਾਤ ਕੀਤੀ। ਸੂਬੇ ਦੀ ਕੈਬਨਿਟ ਨੇ ਹਾਲ ਹੀ ’ਚ ਕਈ ਮੁੱਦਿਆਂ ’ਤੇ ਮੋਹਰ ਲਾਈ ਹੈ।
ਇਸ ਦਰਮਿਆਨ ਸਾਰੇ ਪੁਰਾਣੇ ਜ਼ਿਲਿਆਂ ਦੇ ਮੰਤਰੀਆਂ, ਵਿਧਾਇਕਾਂ ਅਤੇ ਲੋਕ ਨੁਮਾਇੰਦਿਆਂ ਨੇ ਕੇ. ਸੀ. ਆਰ. ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ। ਕਿਸਾਨ ਕਰਜ਼ਾ ਮੁਆਫੀ ਤੋਂ ਇਲਾਵਾ ਕੈਬਨਿਟ ਨੇ ਹੈਦਰਾਬਾਦ ’ਚ ਮੈਟਰੋ ਰੇਲ ਦੇ ਵਿਸਥਾਰ, ਨੋਟਰੀ ਜਾਇਦਾਦਾਂ ਦੇ ਨਿਯਮਿਤ ਕਰਨ ਅਤੇ ਹੋਰ ਵਿਕਾਸ ਅਤੇ ਭਲਾਈ ਯੋਜਨਾਵਾਂ ਨੂੰ ਵੀ ਮਨਜ਼ੂਰੀ ਦਿੱਤੀ। ਵਿਧਾਇਕਾਂ ਨੇ ਸੂਬਾ ਸਰਕਾਰ ਦੀ ਕਿਸਾਨ ਕਰਜ਼ਾ ਮੁਆਫੀ ਯੋਜਨਾ ਲਾਗੂ ਕਰਨ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਸੂਬਾ ਸਰਕਾਰ ਇਕ ਵਾਰ ਫਿਰ ਕਰਜ਼ਾ ਚੁਕਾਉਣ ’ਚ ਅਸਮਰੱਥ ਕਿਸਾਨਾਂ ਦੇ ਨਾਲ ਖੜ੍ਹੀ ਹੈ।