ਤੇਲੰਗਾਨਾ ਫੈਕਟਰੀ ਧਮਾਕਾ ਮਾਮਲਾ, CM ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਕੀਤਾ ਵੱਡਾ ਐਲਾਨ
Friday, Jul 04, 2025 - 05:44 PM (IST)

ਭੁਵਨੇਸ਼ਵਰ- ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਤੇਲੰਗਾਨਾ 'ਚ ਇਸ ਹਫ਼ਤੇ ਦੇ ਸ਼ੁਰੂ ਵਿਚ ਇਕ ਫੈਕਟਰੀ ਧਮਾਕੇ 'ਚ ਮਾਰੇ ਗਏ ਅੱਠ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ। ਮੁੱਖ ਮੰਤਰੀ ਦਫ਼ਤਰ (CMO) ਤੋਂ ਇਕ ਅਧਿਕਾਰਤ ਰਿਲੀਜ਼ 'ਚ ਕਿਹਾ ਗਿਆ ਹੈ ਕਿ ਇਹ ਸਹਾਇਤਾ ਮੁੱਖ ਮੰਤਰੀ ਰਾਹਤ ਫੰਡ 'ਚੋਂ ਦਿੱਤੀ ਜਾਵੇਗੀ। ਰਿਲੀਜ਼ ਮੁਤਾਬਕ ਓਡੀਸ਼ਾ ਸਰਕਾਰ ਦੀ ਇਕ ਟੀਮ ਹਾਦਸੇ ਵਾਲੀ ਥਾਂ 'ਤੇ ਮੌਜੂਦ ਹੈ, ਰਾਹਤ ਅਤੇ ਡਾਕਟਰੀ ਕਾਰਜਾਂ ਦੀ ਨਿਗਰਾਨੀ ਕਰ ਰਹੀ ਹੈ।
ਧਮਾਕੇ 'ਚ ਮਾਰੇ ਗਏ 8 ਓਡੀਸ਼ਾ ਵਾਸੀਆਂ ਦੀ ਪਛਾਣ ਗੰਜਮ ਦੇ ਛਤਰਪੁਰ ਦੇ ਰਹਿਣ ਵਾਲੇ ਰਾਜਨਲਾ ਜਗਨ ਮੋਹਨ, ਕਟਕ ਦੇ ਤਿਗੀਰੀਆ ਦੇ ਲਗਨਜੀਤ ਦੁਆਰੀ, ਬਾਲਾਸੋਰ ਦੇ ਸਿਮੁਲੀਆ ਵਾਸੀ ਮਨੋਜ ਰਾਊਤ, ਜਾਜਪੁਰ ਦੇ ਧਰਮਸ਼ਾਲਾ ਵਾਸੀ ਡੋਲਗੋਬਿੰਦ ਸਾਹੂ, ਨਬਰੰਗਪੁਰ ਦੇ ਚੈਤਾ ਭਾਦਰਾ ਅਤੇ ਰਮੇਸ਼ ਗੌੜਾ ਗੰਜਾਮ ਦੇ ਮਹਾਨਦਾਪੁਰ ਵਾਸੀ ਸਿਧਾਰਥ ਗੌੜਾ ਅਤੇ ਪ੍ਰਸ਼ਾਂਤ ਮਹਾਪਾਤਰ ਵਜੋਂ ਹੋਈ ਹੈ। CMO ਮੁਤਾਬਕ ਹਾਦਸੇ ਵਿਚ ਮਾਰੇ ਗਏ ਓਡੀਸ਼ਾ ਦੇ ਸਾਰੇ ਅੱਠ ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਜੱਦੀ ਸਥਾਨਾਂ 'ਤੇ ਭੇਜ ਦਿੱਤੀਆਂ ਗਈਆਂ ਹਨ। ਤੇਲੰਗਾਨਾ ਦੇ ਸੰਗਰੇਡੀ ਜ਼ਿਲ੍ਹੇ ਵਿਚ ਸਥਿਤ ਸਿਗਾਚੀ ਇੰਡਸਟਰੀਜ਼ ਦੇ ਡਰੱਗ ਮੈਨੂਫੈਕਚਰਿੰਗ ਪਲਾਂਟ 'ਚ 30 ਜੂਨ ਨੂੰ ਹੋਏ ਧਮਾਕੇ 'ਚ ਕੁੱਲ 38 ਲੋਕ ਮਾਰੇ ਗਏ ਸਨ।