ਬਿਹਾਰ ''ਚ ਸੀਟਾਂ ਦੀ ਵੰਡ ਨੂੰ ਲੈ ਕੇ ਤੇਜਸਵੀ ਦਾ ਭਾਜਪਾ ''ਤੇ ਤੰਜ਼
Sunday, Dec 23, 2018 - 06:15 PM (IST)
ਪਟਨਾ (ਭਾਸ਼ਾ)— ਰਾਜਦ ਨੇਤਾ ਤੇਜਸਵੀ ਯਾਦਵ ਨੇ ਬਿਹਾਰ ਵਿਚ ਭਾਜਪਾ ਦੀਆਂ 17 ਸੀਟਾਂ 'ਤੇ ਚੋਣ ਲੜਨ 'ਤੇ ਸਹਿਮਤ ਹੋਣ ਲਈ ਪਾਰਟੀ 'ਤੇ ਤੰਜ਼ ਕੱਸਿਆ, ਜਦਕਿ ਉਸ ਨੇ ਪਿਛਲੀਆਂ ਚੋਣਾਂ ਵਿਚ 22 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਸੂਬਾ ਵਿਧਾਨ ਸਭਾ 'ਚ ਵਿਰੋਧੀ ਧਿਰ ਨੇ ਅਸਿੱਧੇ ਰੂਪ ਨਾਲ ਦਾਅਵਾ ਕੀਤਾ ਕਿ ਭਾਜਪਾ 'ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਲਗਾਮ ਕੱਸ ਦਿੱਤੀ ਹੈ। ਜੋ ਕਿ ਜਨਤਾ ਦਲ (ਯੂ) ਅਤੇ ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਹਨ। ਯਾਦਵ ਨੇ ਟਵੀਟ ਕਰ ਕੇ ਕਿਹਾ ਕਿ ਲੋਕ ਜਨਸ਼ਕਤੀ ਪਾਰਟੀ ਅਤੇ ਜਦ (ਯੂ) ਲਈ ਨੋਟਬੰਦੀ ਨੂੰ ਲੈ ਕੇ ਮੋਦੀ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰਨਾ ਫਾਇਦੇਮੰਦ ਰਿਹਾ।
ਉਨ੍ਹਾਂ ਦਾ ਇਸ਼ਾਰਾ ਪਾਸਵਾਨ ਦੇ ਬੇਟੇ ਅਤੇ ਲੋਕ ਜਨਸ਼ਕਤੀ ਪਾਰਟੀ ਸੰਸਦੀ ਬੋਰਡ ਦੇ ਮੁਖੀ ਚਿਰਾਗ ਪਾਸਵਾਨ ਵਲੋਂ ਹਾਲ ਹੀ ਵਿਚ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਚਿੱਠੀ ਲਿਖ ਕੇ ਨੋਟਬੰਦੀ ਦੇ ਫਾਇਦੇ ਗਿਣਾਉਣ ਲਈ ਕਹਿਣ ਦੇ ਵੱਲ ਸੀ। ਓਧਰ ਨਿਤੀਸ਼ ਕੁਮਾਰ ਨੇ 'ਮਹਾਗਠਜੋੜ' ਦਾ ਹਿੱਸਾ ਰਹਿੰਦੇ ਹੋਏ ਨੋਟਬੰਦੀ ਦਾ ਸਮਰਥਨ ਕੀਤਾ ਸੀ, ਜਦਕਿ ਇਸ ਸਾਲ ਦੀ ਸ਼ੁਰੂਆਤ ਵਿਚ ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਪੂਰਾ ਨਹੀਂ ਹੋ ਸਕਿਆ ਅਤੇ ਕਾਲੇ ਧਨ ਨੂੰ ਖਤਮ ਨਹੀਂ ਕੀਤਾ ਜਾ ਸਕਿਆ। ਇਸ ਲਈ ਉਨ੍ਹਾਂ ਨੇ ਬੈਂਕਿੰਗ ਸੈਕਟਰ ਨੂੰ ਜ਼ਿੰਮੇਵਾਰ ਠਹਿਰਾਇਆ।
