ਅਗਿਆਨਤਾ ਦੇ ਹਨ੍ਹੇਰੇ ਨੂੰ ਦੂਰ ਕਰਨ ਦਾ ਰਾਹ ''ਅਧਿਆਪਕ''

09/05/2019 12:03:33 PM

ਨੈਸ਼ਨਲ ਡੈਸਕ— ਅਗਿਆਨਤਾ ਦੇ ਹਨ੍ਹੇਰੇ ਨੂੰ ਦੂਰ ਕਰਨ ਲਈ ਅਧਿਆਪਕ (ਗੁਰੂ) ਦੀ ਲੋੜ ਪੈਂਦੀ ਹੈ। ਪ੍ਰਾਚੀਨ ਕਾਲ ਤੋਂ ਹੀ ਗੁਰੂਆਂ ਦਾ ਸਾਡੀ ਜ਼ਿੰਦਗੀ 'ਚ ਵੱਡਾ ਯੋਗਦਾਨ ਰਿਹਾ ਹੈ। ਅਧਿਆਪਕ ਦੇਸ਼ ਦੇ ਭਵਿੱਖ ਅਤੇ ਵਿਦਿਆਰਥੀਆਂ ਦੀ ਜ਼ਿੰਦਗੀ ਬਣਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਕ ਅਧਿਆਪਕ ਤੋਂ ਬਿਨਾਂ ਕੋਈ ਵੀ ਡਾਕਟਰ, ਇੰਜੀਨੀਅਰ ਆਦਿ ਨਹੀਂ ਬਣ ਸਕਦਾ। 5 ਸਤੰਬਰ ਨੂੰ 'ਟੀਚਰਜ਼ ਡੇਅ' ਵਜੋਂ ਮਨਾਇਆ ਜਾਂਦਾ ਹੈ। ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਵਸ ਮੌਕੇ 'ਤੇ ਉਨ੍ਹਾਂ ਦੀ ਯਾਦ 'ਚ ਪੂਰੇ ਭਾਰਤ ਵਿਚ 5 ਸਤੰਬਰ ਨੂੰ ਟੀਚਰਜ਼ ਡੇਅ ਮਨਾਇਆ ਜਾਂਦਾ ਹੈ। ਰਾਧਾਕ੍ਰਿਸ਼ਨਨ ਇਕ ਮਹਾਨ ਫ਼ਿਲਾਸਫਰ ਅਤੇ ਅਧਿਆਪਕ ਸਨ, ਸਿੱਖਿਆ ਵਿਚ ਉਨ੍ਹਾਂ ਦਾ ਕਾਫੀ ਲਗਾਵ ਸੀ। ਟੀਚਰਜ਼ ਡੇਅ ਹਰ ਵਿਦਿਆਰਥੀ ਲਈ ਖਾਸ ਦਿਨ ਹੁੰਦਾ ਹੈ। ਉਂਝ ਤਾਂ ਮਾਤਾ-ਪਿਤਾ ਸਾਡੇ ਪਹਿਲੇ ਅਧਿਆਪਕ ਹੁੰਦੇ ਹਨ, ਜੋ ਸਾਨੂੰ ਚੰਗੇ ਸੰਸਕਾਰ ਦਿੰਦੇ ਹਨ। ਸਕੂਲ ਹੀ ਸਿੱਖਿਆ ਦਾ ਇਕ ਅਜਿਹਾ ਮੰਦਰ ਹੈ, ਜਿੱਥੇ ਸਾਨੂੰ ਪੜ੍ਹਾਈ ਦੇ ਨਾਲ-ਨਾਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅੱਜ ਦੇ ਦਿਨ ਇਕ ਵਿਦਿਆਰਥੀ ਦਾ ਆਪਣੇ ਅਧਿਆਪਕ ਪ੍ਰਤੀ ਸਨਮਾਨ ਅਤੇ ਪਿਆਰ ਦਾ ਦਿਨ ਹੈ, ਜਿਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੁੰਦਾ ਹੈ। ਇਹ ਸਕੂਲ ਅਧਿਆਪਕ ਤੋਂ ਲੈ ਕੇ ਕਾਲਜ ਪ੍ਰੋਫੈਸਰ ਕੋਈ ਵੀ ਹੋ ਸਕਦਾ ਹੈ।

ਅਧਿਆਪਕ ਸਾਡੀ ਜ਼ਿੰਦਗੀ ਦਾ ਰੋਲ ਮਾਡਲ ਹੁੰਦੇ ਹਨ। ਹਰ ਵਿਸ਼ੇ ਨੂੰ ਬਾਖੂਬੀ ਪੜ੍ਹਾਉਣ, ਸਮਝਾਉਣ ਦਾ ਵੱਖਰਾ ਢੰਗ ਇਹ ਇਕ ਚੰਗੇ ਅਧਿਆਪਕ ਦੀ ਨਿਸ਼ਾਨੀ ਹੁੰਦੀ ਹੈ। ਪੈਂਸਲ ਫੜਾਉਣ ਤੋਂ ਲੈ ਕੇ ਕਿਤਾਬੀ ਗਿਆਨ ਨੂੰ ਚੰਗੇ ਅਤੇ ਸੁੱਚਜੇ ਢੰਗ ਨਾਲ ਸਮਝਾਉਣ ਦੀ ਗੱਲ ਹੋਵੇ ਤਾਂ ਸਾਨੂੰ ਆਪਣੀ ਜ਼ਿੰਦਗੀ ਦੇ ਪਿਛਲੇ ਪੰਨਿਆ ਨੂੰ ਫਰੋਲਣਾ ਪਵੇਗਾ। ਭਾਵੇਂ ਹੀ ਅਸੀਂ ਆਪਣੀ ਜ਼ਿੰਦਗੀ 'ਚ ਸ਼ਿਖਰਾਂ ਨੂੰ ਛੂਹ ਲਈਏ ਪਰ ਅਧਿਆਪਕ ਨਹੀਂ ਭੁੱਲਦੇ, ਜਿਨ੍ਹਾਂ ਨਾਲ ਅਸੀਂ ਲੰਬਾ ਸਮਾਂ ਬਿਤਾਇਆ ਹੁੰਦਾ ਹੈ। ਅਧਿਆਪਕ ਦਾ ਸੁਪਨਾ ਹੁੰਦਾ ਹੈ ਕਿ ਉਸ ਕੋਲ ਪੜ੍ਹਨ ਵਾਲਾ ਵਿਦਿਆਰਥੀ ਇਕ ਚੰਗਾ ਇਨਸਾਨ ਬਣੇ ਅਤੇ ਸਫਲਤਾ ਦੀਆਂ ਪੌੜੀਆਂ ਚੜ੍ਹੇ। 

ਇਕ ਅਧਿਆਪਕ ਨੂੰ ਉਸ ਸਮੇਂ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ, ਜਦੋਂ ਉਨ੍ਹਾਂ ਵਲੋਂ ਪੜ੍ਹਾਏ, ਸਿੱਖਿਅਤ ਕੀਤੇ ਵਿਦਿਆਰਥੀ ਸਫਲ ਹੁੰਦੇ ਹਨ ਅਤੇ ਜ਼ਿੰਦਗੀ 'ਚ ਇਕ ਮੁਕਾਮ ਹਾਸਲ ਕਰ ਲੈਂਦੇ ਹਨ। ਭਾਵੇਂ ਹੀ ਅੱਜ ਮੁਕਾਬਲੇ ਦਾ ਜ਼ਮਾਨਾ ਹੈ ਪਰ ਅਧਿਆਪਕ ਦੀ ਅਹਿਮੀਅਤ, ਉਸ ਦਾ ਸਨਮਾਨ ਹਰ ਵਿਦਿਆਰਥੀਆਂ ਦੇ ਦਿਲ 'ਚ ਹੋਣਾ ਬਹੁਤ ਜ਼ਰੂਰੀ ਹੈ। ਕੁੱਲ ਮਿਲਾ ਕੇ ਅਧਿਆਪਕ ਤੋਂ ਬਿਨਾਂ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਹੋ ਸਕਦਾ। ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਨੇ ਲਿਖਿਆ ਹੈ- ਅਧਿਆਪਕ ਉਹ ਨਹੀਂ ਜੋ ਵਿਦਿਆਰਥੀ ਦੇ ਦਿਮਾਗ 'ਚ ਤੱਥਾਂ ਨੂੰ ਜ਼ਬਰਦਸਤੀ ਭਰੇ, ਸਗੋਂ ਅਸਲ ਅਧਿਆਪਕ ਤਾਂ ਉਹ ਹੈ ਜੋ ਉਸ ਨੂੰ ਆਉਣ ਵਾਲੇ ਕੱਲ ਦੀਆਂ ਚੁਣੌਤੀਆਂ ਲਈ ਤਿਆਰ ਕਰੇ। 


Tanu

Content Editor

Related News