ਅਧਿਆਪਕ ਭਰਤੀ ਘਪਲਾ: ED ਨੇ ਗ੍ਰਿਫ਼ਤਾਰ ਪ੍ਰਮੋਟਰ ਅਯਾਨ ਦੀ 100 ਕਰੋੜ ਦੀ ਜਾਇਦਾਦ ਦਾ ਲਾਇਆ ਪਤਾ
Saturday, Apr 01, 2023 - 12:39 PM (IST)
ਕੋਲਕਾਤਾ- ਪੱਛਮੀ ਬੰਗਾਲ ਵਿਚ ਬਹੁ-ਕਰੋੜੀ ਅਧਿਆਪਕਾਂ ਦੀ ਭਰਤੀ ਘਪਲੇ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਇਸ ਸਬੰਧ 'ਚ ਗ੍ਰਿਫ਼ਤਾਰ ਕੀਤੇ ਗਏ ਪ੍ਰਾਈਵੇਟ ਰੀਅਲ ਅਸਟੇਟ ਪ੍ਰਮੋਟਰ ਅਯਾਨ ਸ਼ਿਲ ਦੀ 100 ਕਰੋੜ ਰੁਪਏ ਦੀ ਜਾਇਦਾਦ ਦਾ ਪਤਾ ਲਗਾਇਆ ਹੈ। ਅਯਾਨ ਨੂੰ ਸ਼ਨੀਵਾਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਕੇਂਦਰੀ ਏਜੰਸੀ ਦੇ ਵਕੀਲ ਦੇ ਨਾਲ ਇਸ ਮਾਮਲੇ ਵਿਚ ਜਾਂਚ ਅਧਿਕਾਰੀਆਂ ਵਲੋਂ ਵੇਰਵੇ ਪੇਸ਼ ਕੀਤੇ ਜਾਣਗੇ।
ਸੂਤਰਾਂ ਨੇ ਕਿਹਾ ਕਿ ਅਯਾਨ ਦੀ ਮਲਕੀਅਤ ਵਾਲੀ 100 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਪਿੰਨ-ਪੁਆਇੰਟ ਕਰਨ ਤੋਂ ਬਾਅਦ ਈ.ਡੀ ਦੇ ਅਧਿਕਾਰੀ ਇਸ ਸਮੇਂ ਜਾਇਦਾਦ ਨੂੰ ਖਰੀਦਣ ਲਈ ਫੰਡਾਂ ਦੇ ਸਰੋਤਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਤਰਾਂ ਨੇ ਕਿਹਾ ਕਿ ਈ. ਡੀ ਦੇ ਅਧਿਕਾਰੀਆਂ ਨੇ ਪਹਿਲਾਂ ਹੀ ਅਯਾਨ ਦੇ 50 ਤੋਂ ਵੱਧ ਖਾਤਿਆਂ ਦੇ ਬਿਓਰੇ ਦਾ ਪਤਾ ਲਾ ਲਿਆ ਹੈ। ਜੋ ਕਿ ਉਸ ਦੀ ਪਤਨੀ ਕਾਕੋਲੀ ਸ਼ਿਲ ਨਾਲ ਸਾਂਝੇ ਰੂਪ ਨਾਲ ਜਾਂ ਉਸ ਦੇ ਮਲਕੀਅਤ ਵਾਲੀਆਂ ਕੰਪਨੀਆਂ ਦੇ ਨਾਂ 'ਤੇ ਹੈ। ਈ. ਡੀ ਨੇ ਉਸ ਦੇ ਬੈਂਕ ਲਾਕਰਾਂ ਦਾ ਪਤਾ ਲਾਇਆ ਹੈ ਅਤੇ ਜਾਂਚ ਲਈ ਖੋਲ੍ਹਣ ਦੀ ਪ੍ਰਕਿਰਿਆ ਵਿਚ ਹੈ।
ਦੱਸ ਦੇਈਏ ਕਿ ਅਯਾਨ ਨੂੰ ਤ੍ਰਿਣਮੂਲ ਕਾਂਗਰਸ 'ਚੋਂ ਕੱਢੇ ਗਏ ਆਗੂ ਸ਼ਾਂਤਨੂੰ ਬੰਦੋਪਾਧਿਆਏ ਅਤੇ ਕੁੰਤਲ ਘੋਸ਼ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ। ਇਹ ਦੋਵੇਂ ਇਸ ਸਮੇਂ ਭਰਤੀ ਘਪਲੇ ਵਿਚ ਸ਼ਮੂਲੀਅਤ ਲਈ ਨਿਆਂਇਕ ਹਿਰਾਸਤ ਵਿਚ ਹਨ।