ਭਾਰਤ ਦੀ ਪਹਿਲੀ AI ਯੂਨੀ. ਸਥਾਪਤ ਕਰਨ ਵਾਲੇ ਤਰੁਨ ਆਨੰਦ ਨੂੰ ਅਕਾਲ ਤਖ਼ਤ 'ਤੇ ਸਨਮਾਨਿਤ ਕਰਨ ਦੀ ਮੰਗ

Thursday, Oct 30, 2025 - 10:24 AM (IST)

ਭਾਰਤ ਦੀ ਪਹਿਲੀ AI ਯੂਨੀ. ਸਥਾਪਤ ਕਰਨ ਵਾਲੇ ਤਰੁਨ ਆਨੰਦ ਨੂੰ ਅਕਾਲ ਤਖ਼ਤ 'ਤੇ ਸਨਮਾਨਿਤ ਕਰਨ ਦੀ ਮੰਗ

ਨੈਸ਼ਨਲ ਡੈਸਕ- ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁੱਖ ਜਥੇਦਾਰ ਪਰਮਿੰਦਰ ਪਾਲ ਸਿੰਘ ਨੇ ਭਾਰਤ ਵਿਚ ਪਹਿਲੀ ਏ.ਆਈ. ਯੂਨੀਵਰਸਿਟੀ ਸਥਾਪਤ ਕਰਨ ਵਾਲੇ ਪੰਜਾਬੀ ਪਰਿਵਾਰ ਨਾਲ ਸਬੰਧਿਤ ਗੁਰਸਿੱਖ ਨੌਜਵਾਨ ਤਰੁਨਦੀਪ ਸਿੰਘ ਆਨੰਦ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨੌਜਵਾਨ ਸਿੱਖ ਭਾਰਤ ਦੀ ਪਹਿਲੀ ਏ.ਆਈ. ਯੂਨੀਵਰਸਿਟੀ ਦਾ ਸੰਸਥਾਪਕ ਤੇ ਚਾਂਸਲਰ ਹੈ। 

ਮੁੰਬਈ ਦੇ ਨੇੜੇ ਕਰਜਤ ਵਿੱਚ ਸਥਿਤ ਇਹ ਯੂਨੀਵਰਸਿਟੀ ਨਾ ਸਿਰਫ਼ ਭਾਰਤ ਸਗੋਂ ਪੂਰੀ ਦੁਨੀਆਂ ਲਈ ਇੱਕ ਨਵੀਂ ਮਿਸਾਲ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸਥਾਪਨਾ ਪਿੱਛੇ ਤਰੁਨ ਆਨੰਦ ਦੀ ਮਿਹਨਤ, ਸੋਚ ਤੇ ਦੂਰਅੰਦੇਸ਼ੀ ਹੈ। ਜਥੇਦਾਰ ਖਾਲਸਾ ਨੇ ਕਿਹਾ ਕਿ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਰੁਨਦੀਪ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਸਿੱਖ ਧਰਮ ਤੇ ਦਰਬਾਰ ਸਾਹਿਬ 'ਤੇ ਏ.ਆਈ. ਹਮਲਿਆਂ ਦਾ ਮੁਕਾਬਲਾ ਕਰਨ ਲਈ ਇਸ ਤੋਂ ਸੇਧ ਲਵੇ।

ਜਥੇਦਾਰ ਖਾਲਸਾ ਨੇ ਕਿਹਾ ਕਿ ਤਰੁਨਦੀਪ ਇੱਕ ਅਜਿਹਾ ਨੌਜਵਾਨ ਹੈ ਜਿਸ ਨੇ ਆਪਣੀ ਮਿਹਨਤ ਨਾਲ ਦੁਨੀਆਂ ਦੇ ਵੱਡੇ-ਵੱਡੇ ਸੰਸਥਾਨਾਂ ਵਿੱਚ ਨਾਂ ਕਮਾਇਆ ਹੈ। ਸਿਰਫ਼ 17 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਐੱਚ.ਐੱਸ.ਬੀ.ਸੀ. ਬੈਂਕ ਵਿੱਚ ਇੰਟਰਨ ਵਜੋਂ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਥੌਮਸਨ ਰਾਇਟਰਜ਼ ਵਿੱਚ ਦੱਖਣ ਏਸ਼ੀਆ ਦਾ ਸਭ ਤੋਂ ਨੌਜਵਾਨ ਮੈਨੇਜਿੰਗ ਡਾਇਰੈਕਟਰ ਬਣ ਕੇ ਇਤਿਹਾਸ ਰਚਿਆ। ਉਹ ਗਲੋਬਲ ਹੈੱਡ ਆਫ਼ ਟ੍ਰੈਜ਼ਰੀ ਵੀ ਰਹੇ, ਜਿੱਥੇ ਉਨ੍ਹਾਂ ਨੇ 136 ਦੇਸ਼ਾਂ ਵਿੱਚ 2 ਅਰਬ ਡਾਲਰ ਦਾ ਕਾਰੋਬਾਰ ਚਲਾਇਆ। 

PunjabKesari

ਲੰਡਨ, ਨਿਊਯਾਰਕ ਤੇ ਹਾਂਗਕਾਂਗ ਵਿੱਚ ਕੰਮ ਕਰਦਿਆਂ ਉਨ੍ਹਾਂ ਨੇ ਗਲੋਬਲ ਇਨੋਵੇਸ਼ਨ ਐਂਡ ਵੈਂਚਰ ਬੋਰਡ 'ਚ ਵੀ ਸੇਵਾ ਨਿਭਾਈ। ਉਨ੍ਹਾਂ ਨੇ ਐੱਸ.ਪੀ.ਜੇ.ਆਈ.ਐੱਮ.ਆਰ. ਤੋਂ ਐੱਮ.ਬੀ.ਏ. ਕੀਤੀ ਤੇ ਮਿਸ਼ੀਗਨ ਬੀ-ਸਕੂਲ, ਟੱਕ ਬੀ-ਸਕੂਲ ਤੇ ਆਈ.ਈ. ਬੀ-ਸਕੂਲ ਤੋਂ ਐਗਜ਼ੀਕਿਊਟਿਵ ਸਿੱਖਿਆ ਹਾਸਲ ਕੀਤੀ। ਪਰ ਸਭ ਤੋਂ ਵੱਡੀ ਗੱਲ, ਉਹ ਇੱਕ ਗੁਰਸਿੱਖ ਹਨ, ਜਿਨ੍ਹਾਂ ਨੇ ਆਪਣੀ ਸਿੱਖ ਰਹਿਤ ਮਰਿਆਦਾ 'ਤੇ ਹਮੇਸ਼ਾ ਪਹਿਰਾ ਦਿੱਤਾ ਤੇ ਆਪਣੇ ਵਿਵੇਕ ਨਾਲ ਪੂਰੇ ਭਾਰਤ ਵਿਚ ਸਿੱਖੀ ਦਾ ਨਾਂ ਚਮਕਾਇਆ।

ਖਾਲਸਾ ਨੇ ਦਸਿਆ ਕਿ ਸਾਲ 2012 ਵਿੱਚ ਉਨ੍ਹਾਂ ਨੇ ਕਾਰਪੋਰੇਟ ਜੀਵਨ ਛੱਡ ਕੇ ਇੱਕ ਨਵਾਂ ਸੁਪਨਾ ਦੇਖਿਆ – ਭਾਰਤ ਦਾ ਪਹਿਲਾ ਗ੍ਰੀਨ ਬੀ-ਸਕੂਲ। ਉਸ ਸਮੇਂ ਸਿਰਫ਼ 9 ਵਿਦਿਆਰਥੀਆਂ ਨਾਲ ਸ਼ੁਰੂ ਹੋਈ ਯੂਨੀਵਰਸਲ ਬਿਜ਼ਨੈੱਸ ਸਕੂਲ (ਯੂ.ਬੀ.ਐੱਸ.) ਅੱਜ 600 ਤੋਂ ਵੱਧ ਵਿਦਿਆਰਥੀਆਂ ਵਾਲੀ ਸੰਸਥਾ ਬਣ ਚੁੱਕੀ ਹੈ। 

ਪਰ ਤਰੁਨ ਇੱਥੇ ਨਹੀਂ ਰੁਕੇ, ਉਨ੍ਹਾਂ ਨੇ ਯੂਨੀਵਰਸਲ ਏ.ਆਈ. ਯੂਨੀਵਰਸਿਟੀ ਦੀ ਸਥਾਪਨਾ ਕੀਤੀ, ਜੋ ਭਾਰਤ ਦੀ ਪਹਿਲੀ ਏ.ਆਈ. ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ ਇੰਜੀਨੀਅਰਿੰਗ, ਮੈਨੇਜਮੈਂਟ, ਸਾਇਕੋਲੋਜੀ, ਡਿਜ਼ਾਈਨ ਤੇ ਮਿਊਜ਼ਿਕ ਵਿੱਚ ਕੋਰਸ ਚਲਾਉਂਦੀ ਹੈ। ਇਸ ਦੀ ਵਿਸ਼ੇਸ਼ਤਾ ਹੈ ਅਨੁਭਵੀ ਸਿੱਖਿਆ (Experiential Learning), ਸਥਿਰਤਾ (Sustainability) ਤੇ ਤਕਨਾਲੋਜੀ-ਆਧਾਰਿਤ ਸਿੱਖਿਆ। ਉਨ੍ਹਾਂ ਕਿਹਾ ਕਿ ਏ.ਆਈ. ਵਿੱਚ ਭਾਰਤ ਨੂੰ ਅਮਰੀਕਾ-ਚੀਨ ਨਾਲ ਮੁਕਾਬਲਾ ਕਰਨ ਲਈ ਟੈਲੈਂਟ ਚਾਹੀਦਾ ਹੈ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਇਹ ਯੂਨੀਵਰਸਿਟੀ ਦੇਸ਼ ਨੂੰ ਉਹ ਟੈਲੈਂਟ ਦੇਵੇਗੀ।

ਇਹ ਵੀ ਪੜ੍ਹੋ- ਲਗਾਤਾਰ 6 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਕੀਤੀ ਡਰਾਉਣੀ ਭਵਿੱਖਬਾਣੀ


author

Harpreet SIngh

Content Editor

Related News